ਫਰਜ਼ੀ ਟਿਕਟ ''ਤੇ ਹਵਾਈ ਅੱਡੇ ''ਚ ਦਾਖਲ ਹੋਇਆ ਕੈਨੇਡੀਆਈ ਨਾਗਰਿਕ ਕਾਬੂ

12/17/2017 5:36:22 AM

ਨਵੀਂ ਦਿੱਲੀ — ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਫਰਜ਼ੀ ਟਿਕਟ 'ਤੇ ਰਵਾਨਗੀ ਵਾਲੇ ਇਲਾਕੇ 'ਚ ਦਾਖਲ ਹੋਣ ਵਾਲੇ ਕੈਨੇਡਾ ਦੇ ਇਕ  ਨਾਗਰਿਕ ਨੂੰ ਫੜਿਆ ਗਿਆ ਹੈ। ਅਧਿਕਾਰਿਤ ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਟਰਮੀਨਲ 3 'ਤੇ ਵੀਰਵਾਰ ਰਾਤ 10 ਵਜੇ ਦੇ ਲਗਭਗ ਰਵਾਨਗੀ ਵਾਲੇ ਇਲਾਕੇ ਦੇ ਗੇਟ ਨੰਬਰ-7 ਦੇ ਨੇੜੇ ਇਕ ਵਿਅਕਤੀ ਨੂੰ ਸ਼ੱਕੀ ਰੂਪ 'ਚ ਘੁੰਮਦਿਆਂ ਦੇਖਿਆ ਗਿਆ। ਉਸ ਕੋਲੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਸਦਾ ਨਾਂ ਸੰਤੋਖ ਸਿੰਘ ਜੋਸਨ ਹੈ ਅਤੇ ਉਹ ਕੈਨੇਡਾ ਦਾ ਨਾਗਰਿਕ ਹੈ।
ਉਸ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਕੈਥੀ ਪੈਸੇਫਿਕ ਦੀ ਉਡਾਣ ਨੰਬਰ ਸੀ. ਐੱਸ. -0694 ਰਾਹੀਂ ਜਾ ਰਹੇ ਸਨ। ਉਨ੍ਹਾਂ ਨੂੰ ਛੱਡਣ ਲਈ ਉਹ ਉਸੇ ਜਹਾਜ਼ ਦੀ ਐਡਿਟ ਕੀਤੀ ਹੋਈ ਟਿਕਟ 'ਤੇ ਦਾਖਲ ਹੋਇਆ ਸੀ। ਏਅਰਲਾਈਨਜ਼ ਤੋਂ ਜਾਣਕਾਰੀਆਂ ਦੇ ਮਿਲਾਨ ਮਗਰੋਂ ਮੁਲਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।