ਮੋਦੀ ਸਰਕਾਰ ’ਤੇ ਭੜਕੇ ਓਵੈਸੀ, ਬੋਲੇ-18 ਸਾਲ ਦੀ ਉਮਰ ’ਚ PM ਚੁਣ ਸਕਦੇ ਹਨ ਪਰ ਵਿਆਹ ਨਹੀਂ ਕਰ ਸਕਦੇ

12/18/2021 11:34:26 AM

ਨਵੀਂ ਦਿੱਲੀ- ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਤੇ ਲੋਕ ਸਭਾ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧ ਕੇ 21 ਸਾਲ ਕਰਨ ਦੇ ਫ਼ੈਸਲੇ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਹੱਸਣਯੋਗ ਕਰਾਰ ਦਿੱਤਾ ਹੈ। ਓਵੈਸੀ ਨੇ ਟਵਿੱਟਰ ਕਰ ਕੇ ਕਿਹਾ,‘‘ਮੋਦੀ ਸਰਕਾਰ ਨੇ ਕੁੜੀਆਂ ਲਈ ਵਿਆਹ ਦੀ ਉਮਰ ਨੂੰ ਵਧਾ ਕੇ 21 ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਿਤਰਸੱਤਾ ਹੈ, ਇਸੇ ਦੀ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ। 18 ਸਾਲ ਦੇ ਪੁਰਸ਼ ਅਤੇ ਔਰਤਾਂ ਕਾਨਟ੍ਰੈਕਟ ਸਾਈਨ ਕਰ ਸਕਦੇ ਹਨ, ਬਿਜ਼ਨੈੱਸ ਸ਼ੁਰੂ ਕਰ ਸਕਦੇ ਹਨ, ਪ੍ਰਧਾਨ ਮੰਤਰੀ ਚੁਣ ਸਕਦੇ ਹਨ ਅਤੇ ਸੰਸਦ ਮੈਂਬਰ ਅਤੇ ਵਿਧਾਇਕ ਦੀ ਚੋਣ ਕਰ ਸਕਦੇ ਹਨ ਪਰ ਵਿਆਹ ਨਹੀਂ ਕਰ ਸਕਦੇ? ਉਹ ਯੌਨ ਸੰਬੰਧਾਂ ਅਤੇ ਲਿਵ-ਇਨ ਰਿਲੇਸ਼ਨਸ਼ਿਪ ਲਈ ਆਪਣੀ ਸਹਿਮਤੀ ਦੇ ਸਕਦੇ ਹਨ ਪਰ ਆਪਣਾ ਜੀਵਨਸਾਥੀ ਨਹੀਂ ਚੁਣ ਸਕਦੇ ਹਨ? ਹੱਸਣਯੋਗ।’’

ਉਨ੍ਹਾਂ ਕਿਹਾ ਕਿ 1.2 ਕਰੋੜ ਬੱਚਿਆਂ ਦਾ ਵਿਆਹ 10 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ,‘‘ਇਕ ਕਾਨੂੰਨ ਦੇ ਬਾਵਜੂਦ ਬਾਲ ਵਿਆਹ ਵੱਡੇ ਪੈਮਾਨੇ ’ਤੇ ਹੁੰਦੇ ਹਨ। ਭਾਰਤ ’ਚ ਹਰ ਚੌਥੀ ਔਰਤ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋਇਆ ਸੀ ਪਰ ਬਾਲ ਵਿਆਹ ਦੇ ਸਿਰਫ਼ 785 ਅਪਰਾਧਕ ਮਾਮਲੇ ਦਰਜ ਕੀਤੇ ਗਏ। ਜੇਕਰ ਪਹਿਲਾਂ ਦੇ ਮੁਕਾਬਲੇ ਬਾਲ ਵਿਆਹ ਘੱਟ ਹੋਏ ਹਨ ਤਾਂ ਇਹ ਸਿੱਖਿਆ ਅਤੇ ਆਰਥਿਕ ਤਰੱਕੀ ਕਾਰਨ ਹੈ, ਅਪਰਾਧਕ ਕਾਨੂੰਨ ਕਾਰਨ ਨਹੀਂ।’’

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha