ਕਸ਼ਮੀਰ ਘਾਟੀ ''ਚ  ਅੱਤਵਾਦੀਆਂ ਵਿਰੁੱਧ ਜਾਰੀ ਰਹੇਗੀ ਮੁਹਿੰਮ : ਬਿਪਿਨ ਰਾਵਤ

Wednesday, Dec 06, 2017 - 10:55 AM (IST)

ਬੀਕਾਨੇਰ— ਫੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਰੋਕਣ ਲਈ ਫੌਜ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜੋ ਭਵਿੱਖ 'ਚ ਵੀ ਜਾਰੀ ਰਹੇਗੀ। ਨਾਲ ਹੀ ਉਥੇ ਆਪ੍ਰੇਸ਼ਨ ਸਦਭਾਵਨਾ ਸਮੇਤ ਹੋਰ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ।  ਜਨਰਲ ਰਾਵਤ ਨੇ ਸੂਰਤਗੜ੍ਹ ਮਿਲਟਰੀ ਸਟੇਸ਼ਨ 'ਤੇ ਅੱਜ ਆਯੋਜਿਤ ਤਿੰਨ ਰੈਜੀਮੈਂਟਾਂ ਨੂੰ ਰਾਸ਼ਟਰਪਤੀ ਸਨਮਾਨ ਝੰਡਾ ਸਮਾਰੋਹ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਪ੍ਰਗਟਾਵਾ ਕੀਤਾ। ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਸਾਰੀਆਂ ਰੈਜੀਮੈਂਟਾਂ ਆਧੁਨਿਕੀਕਰਨ ਦੇ ਨਾਲ ਤਾਲਮੇਲ ਕਰ ਕੇ ਵਧੀਆ ਕੰਮ ਕਰ ਰਹੀਆਂ ਹਨ। ਫੌਜ ਹਰ ਤਰ੍ਹਾਂ ਦਾ ਜਵਾਬ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਡਰਨ ਦੀ ਲੋੜ ਨਹੀਂ। 
ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ  ਦੀ ਸਿੱਖਿਆ 'ਤੇ ਹੋਣ ਵਾਲੇ ਖਰਚ ਵਿਚ ਕਟੌਤੀ ਦੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾ ਕਿਹਾ ਕਿ ਇਹ  ਮਾਮਲਾ  ਮੇਰੇ ਧਿਆਨ ਵਿਚ ਹੈ ਪਰ ਕਿਹੜੇ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ ਅਜੇ ਸਾਫ ਨਹੀਂ ।  ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਚਿੰਤਤ ਹੋਣ ਦੀ ਲੋੜ ਨਹੀਂ। ਫੌਜ ਮੁਖੀ ਨੇ ਮਾਊਂਟੇਡ ਪਰੇਡ ਮਗਰੋਂ 87 ਆਰਮਡ ਰੈਜੀਮੈਂਟ, 41 ਆਰਮਡ ਰੈਜੀਮੈਂਟ ਅਤੇ 10 ਆਰਮਡ ਰੈਜੀਮੈਂਟ ਨੂੰ ਰਾਸ਼ਟਰਪਤੀ ਦੇ ਸਨਮਾਨ ਝੰਡੇ ਨਾਲ ਨਿਵਾਜਿਆ। ਇਸ ਮੌਕੇ ਫੌਜ ਦੇ ਕਈ ਉੱਚ ਅਧਿਕਾਰੀਆਂ ਦੇ ਇਲਾਵਾ ਕਈ ਪ੍ਰਸਿੱਧ ਸ਼ਖਸੀਅਤਾਂ ਹਾਜ਼ਰ ਸਨ।


Related News