ਕੈਮਬ੍ਰਿਜ਼ ਐਨਾਲਿਟੀਕਾ ਦਾ ਇਕ ਹੋਰ ਖੁਲਾਸ, ਭਾਰਤ ''ਚ ਆਨਰ ਕਿਲਿੰਗ ''ਤੇ ਵੀ ਕੀਤਾ ਸੀ ਕੰਮ

Saturday, Mar 31, 2018 - 12:46 AM (IST)

ਲੰਡਨ - ਕੈਮਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਕਰਮਚਾਰੀ ਕ੍ਰਿਸਟੋਫਰ ਵਾਇਲੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪੈਂਰੇਟ ਕੰਪਨੀ ਐੱਸ. ਸੀ. ਐੱਲ. ਗਰੁੱਪ ਨੂੰ ਭਾਰਤ 'ਚ 2009 ਤੋਂ 2010 ਵਿਚਾਲੇ ਹਾਇਰ ਕੀਤਾ ਗਿਆ ਸੀ। ਉਨ੍ਹਾਂ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਹੋਣ ਵਾਲੀ ਆਨਰ ਕਿਲਿੰਗ ਦੀਆਂ ਘਟਨਾਵਾਂ ਦਾ ਅਨੁਮਾਨ ਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਹਾਲਾਂਕਿ ਵਾਇਲੀ ਨੇ ਇਹ ਨਹੀਂ ਦੱਸਿਆ ਕਿ ਐੱਸ. ਸੀ. ਐੱਲ. ਗਰੁੱਪ ਦੇ ਇਸ ਕਲਾਇੰਟ ਦਾ ਨਾਂ ਕੀ ਸੀ।
ਸਾਬਕਾ ਖੋਜਕਾਰ ਵਾਇਲੀ ਨੇ 122 ਪੇਜਾਂ ਦੇ ਲਿਖਤ ਸਬੂਤ ਨੂੰ ਬ੍ਰਿਟਿਸ਼ ਸੰਸਦ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਵੀਰਵਾਰ ਰਾਤ ਨੂੰ ਇਨ੍ਹਾਂ ਸਬੂਤਾਂ ਨੂੰ ਪਬਲਿਕ ਕਰ ਦਿੱਤਾ ਅਤੇ ਬ੍ਰਿਟਿਸ਼ ਸੰਸਦ 'ਚ ਦਾਅਵਾ ਕੀਤਾ ਕਿ ਕੈਮਬ੍ਰਿਜ਼ ਐਨਾਲਿਟੀਕਾ ਨੇ ਕਾਂਗਰਸ ਲਈ ਕੰਮ ਕੀਤਾ ਹੈ। ਇਨ੍ਹਾਂ ਸਬੂਤਾਂ 'ਚ ਵਾਇਲੀ ਨੇ ਦੱਸਿਆ ਕਿ ਅਕਸਰ ਦੇਖਿਆ ਗਿਆ ਹੈ ਕਿ ਸਥਾਨਕ ਪੁਲਸ ਅਤੇ ਜੱਜ ਦੇ ਮਨ 'ਚ ਆਨਰ ਕਿਲਿੰਗ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਰਹਿੰਦੀ ਹੈ। ਜਿਸ ਕਾਰਨ ਕਾਨੂੰਨ ਨੂੰ ਲਾਗੂ ਕਰਨ 'ਚ ਕਈ ਵਾਰ ਸਮੱਸਿਆਵਾਂ ਖੜੀਆਂ ਹੋਈਆਂ। ਐੱਸ. ਸੀ. ਐੱਲ. ਨੇ ਆਪਣੇ ਕਲਾਇੰਟ ਨੂੰ ਇਨ੍ਹਾਂ ਹੱਤਿਆਵਾਂ ਦੇ ਪਿੱਛੇ ਦੀ ਅਸਲ ਕਾਰਨਾਂ ਨੂੰ ਸਮਝਣ 'ਚ ਮਦਦ ਕੀਤੀ। ਐੱਸ. ਸੀ. ਐੱਲ. ਨੇ ਸਪੇਸ ਮੈਪਿੰਗ ਦੇ ਜ਼ਰੀਏ ਮਾਮਲੇ ਦਾ ਵਿਸ਼ਲੇਸ਼ਣ ਕੀਤਾ ਅਤੇ ਆਨਰ ਕਿਲਿੰਗ ਨੂੰ ਰੋਕਣ 'ਚ ਮਦਦ ਕੀਤੀ।
ਵਾਇਲੀ ਨੇ ਇਹ ਵੀ ਦੱਸਿਆ ਕਿ ਕੈਮਬ੍ਰਿਜ਼ ਐਨਾਲਿਟੀਕਾ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਐਂਟੀ ਜ਼ਿਹਾਦੀ ਪ੍ਰਾਜੈਕਟ 'ਤੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਐੱਫ. ਸੀ. ਓ. ਨੇ ਕੰਪਨੀ ਨੂੰ 2008 'ਚ ਵਿਵਹਾਰਕ ਸੋਧ ਕਰਨ ਲਈ ਹਾਇਰ ਕੀਤਾ ਤਾਂ ਜੋਂ ਪਾਕਿਸਤਾਨ 'ਚ ਹੋ ਰਹੇ ਹਿੰਸਾਤਮਕ ਜ਼ਿਹਾਦ ਨੂੰ ਰੋਕਿਆ ਜਾ ਸਕੇ। ਜਿਸ ਤੋਂ ਬਾਅਦ ਕੰਪਨੀ ਨੇ ਕਾਰਵਾਈ ਯੋਗ ਸਿਫਾਰਸ਼ ਦਿੱਤੀ, ਜਿਸ ਦਾ ਅਸਰ ਐੱਫ. ਸੀ. ਓ. ਦੀ ਨੀਤੀ 'ਤੇ ਪਿਆ।


Related News