ਮੋਦੀ ਕੈਬਨਿਟ ਵਲੋਂ PM-Shri ਸਕੂਲ ਯੋਜਨਾ ਨੂੰ ਮਨਜ਼ੂਰੀ, ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ

09/07/2022 4:27:33 PM

ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ‘ਪ੍ਰਧਾਨ ਮੰਤਰੀ ਸਕੂਲ ਫ਼ਾਰ ਰਾਈਜਿੰਗ ਇੰਡੀਆ’ (ਪੀਐੱਮ-ਸ਼੍ਰੀ) ਯੋਜਨਾ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ, ਜਿਸ ਦੇ ਤਹਿਤ ਦੇਸ਼ ਭਰ ’ਚ 14,597 ਸਕੂਲਾਂ ਨੂੰ ਆਦਰਸ਼ ਸਕੂਲ ਦੇ ਰੂਪ ’ਚ ਵਿਕਸਿਤ ਅਤੇ ਉੱਨਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਬੈਠਕ ’ਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬੈਠਕ ਮਗਰੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ PM ਮੋਦੀ ਦੇ ਫ਼ੈਸਲੇ ਦੀ ਕੇਜਰੀਵਾਲ ਨੇ ਕੀਤਾ ਸ਼ਲਾਘਾ, ਨਾਲ ਹੀ ਰੱਖ ਦਿੱਤੀ ਇਹ ਮੰਗ

ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ

ਕੇਂਦਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੀਐੱਮ-ਸ਼੍ਰੀ ਸਕੂਲ ਯੋਜਨਾ ਨੂੰ 2022-2027 ਤੱਕ 5 ਸਾਲਾਂ ਦੇ ਸਮੇਂ ਤੱਕ ਲਾਗੂ ਕੀਤਾ ਜਾਵੇਗਾ। ਇਸ ’ਤੇ 27,360 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ’ਚ ਕੇਂਦਰ ਦੀ ਹਿੱਸੇਦਾਰੀ 18,128 ਕਰੋੜ ਰੁਪਏ ਹੋਵੇਗੀ। ਇਸ ਨਾਲ 18 ਲੱਖ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਸਕੂਲ ਸਰਕਾਰੀ ਹੋਣਗੇ, ਜਿਨ੍ਹਾਂ ਦੀ ਚੋਣ ਸੂਬਿਆਂ ਦੇ ਨਾਲ ਮਿਲ ਕੇ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਰਕਾਰ ਹਰੇਕ ਬਲਾਕ ਪੱਧਰ ’ਤੇ ਘੱਟ ਤੋਂ ਘੱਟ ਇਕ ਆਦਰਸ਼ ਸਕੂਲ ਵਿਕਸਿਤ ਕਰਨਾ ਚਾਹੁੰਦੀ ਹੈ। ਇਸ ਦੀ ਨਿਗਰਾਨੀ ਲਈ ਪਾਇਲਟ ਪ੍ਰਾਜੈਕਟ ਦੇ ਆਧਾਰ ’ਤੇ ‘ਪੀਐੱਮ-ਸ਼੍ਰੀ’ ਸਕੂਲਾਂ ’ਚ ਵਿੱਦਿਆ ਸਮੀਖਿਆ ਕੇਂਦਰ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

ਦੇਸ਼ ਭਰ ’ਚ14,597 ਸਕੂਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ

5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ 'ਤੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ''ਅਧਿਆਪਕ ਦਿਵਸ 'ਤੇ ਮੈਂ ਇਕ ਨਵੀਂ ਪਹਿਲ ਦਾ ਐਲਾਨ ਕਰ ਰਿਹਾ ਹਾਂ। ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ (ਪੀਐਮ-ਸ਼੍ਰੀ) ਦੇ ਤਹਿਤ ਦੇਸ਼ ਭਰ ਵਿਚ 14,597 ਸਕੂਲਾਂ ਨੂੰ ਵਿਕਸਿਤ ਅਤੇ ਅਪਗ੍ਰੇਡ ਕੀਤਾ ਜਾਵੇਗਾ। ਇਹ ਸਾਰੇ ਮਾਡਲ ਸਕੂਲ ਬਣ ਜਾਣਗੇ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਪੂਰੀ ਭਾਵਨਾ ਨੂੰ ਸ਼ਾਮਲ ਕਰਨਗੇ।” ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪੀਐੱਮ-ਸ਼੍ਰੀ ਸਕੂਲਾਂ ਵਿਚ ਸਿੱਖਿਆ ਪ੍ਰਦਾਨ ਕਰਨ ਦਾ ਇਕ ਆਧੁਨਿਕ, ਪਰਿਵਰਤਨਸ਼ੀਲ ਅਤੇ ਸੰਪੂਰਨ ਤਰੀਕਾ ਹੋਵੇਗਾ। ਸਿੱਖਿਆ ਦੇਣ ਦੇ ਤਰੀਕੇ 'ਤੇ ਜ਼ੋਰ ਦਿੱਤਾ ਜਾਵੇਗਾ।
 

Tanu

This news is Content Editor Tanu