ਅੰਗਰੇਜ਼ਾਂ ਦੇ ਕਾਲੇ ਕਾਨੂੰਨ ਵਰਗਾ ਹੈ CAA : ਉਰਮੀਲਾ ਮਾਤੋਂਡਕਰ

01/31/2020 10:55:33 AM

ਮੁੰਬਈ— ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਿਨੇਮਾ ਜਗਤ ਦੀਆਂ ਕਈ ਹਸਤੀਆਂ ਦੇ ਵਿਰੋਧ ਕਰਨ ਤੋਂ ਬਾਅਦ ਹੁਣ ਅਦਾਕਾਰਾ ਉਰਮੀਲਾ ਮਾਤੋਂਡਕਰ ਨੇ ਵੀ ਇਸ ਕਾਨੂੰਨ ਦੀ ਆਲੋਚਨਾ ਕੀਤੀ ਹੈ। ਉਰਮੀਲਾ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੀ ਤੁਲਨਾ ਅੰਗਰੇਜ਼ਾਂ ਦੇ ਰੋਲੇਟ ਐਕਟ ਨਾਲ ਕੀਤੀ ਹੈ। ਰੋਲੇਟ ਐਕਟ ਨੂੰ ਬ੍ਰਿਟਿਸ਼ ਸ਼ਾਸਕਾਂ ਨੇ 1919 'ਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਾਸ ਕਰਵਾਇਆ ਸੀ ਅਤੇ ਇਸ ਕਾਨੂੰਨ ਨੂੰ ਇਤਿਹਾਸ 'ਚ ਕਾਲਾ ਕਾਨੂੰਨ ਕਿਹਾ ਜਾਂਦਾ ਹੈ।

ਸੀ.ਏ.ਏ. ਕਾਨੂੰਨ ਕਾਨੂੰਨ ਵਜੋਂ ਜਾਣਿਆ ਜਾਵੇਗਾ
ਵੀਰਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ 'ਤੇ ਸੀ.ਏ.ਏ. ਦੀ ਆਲੋਚਨਾ ਕਰਦੇ ਹੋਏ ਉਰਮੀਲਾ ਮਾਤੋਂਡਕਰ ਨੇ ਕਿਹਾ,''1919 'ਚ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ ਇਹ ਸਮਝ ਗਏ ਸਨ ਕਿ ਹਿੰਦੁਸਤਾਨ 'ਚ ਉਨ੍ਹਾਂ ਵਿਰੁੱਧ ਅਸੰਤੋਸ਼ ਵਧ ਰਿਹਾ ਹੈ। ਇਸ ਲਈ ਉਨ੍ਹਾਂ ਨੇ ਰੋਲੇਟ ਐਕਟ ਵਰਗੇ ਇਕ ਕਾਨੂੰਨ ਨੂੰ ਭਾਰਤ 'ਚ ਲਾਗੂ ਕਰਵਾਇਆ। 1919 ਦੇ ਇਸ ਰੋਲੇਟ ਐਕਟ ਅਤੇ 2019 ਦੇ ਸਿਟੀਜਨਸ਼ਿਪ ਅਮੈਂਡਮੇਟ (ਸੋਧ) ਐਕਟ ਨੂੰ ਹੁਣ ਇਤਿਹਾਸ ਦੇ ਕਾਲੇ ਕਾਨੂੰਨ ਦੇ ਰੂਪ 'ਚ ਜਾਣਿਆ ਜਾਵੇਗਾ।'' 

300 ਤੋਂ ਵਧ ਹਸਤੀਆਂ ਨੇ ਕੀਤੀ ਸੀ.ਏ.ਏ. ਦੀ ਆਲੋਚਨਾ
ਦੱਸਣਯੋਗ ਹੈ ਕਿ ਉਰਮਿਲਾ ਤੋਂ ਪਹਿਲਾਂ ਬਾਲੀਵੁੱਡ ਨਾਲ ਜੁੜੇ ਕਈ ਹੋਰ ਲੋਕਾਂ ਨੇ ਵੀ ਸੀ.ਏ.ਏ. ਦੀ ਆਲੋਚਨਾ ਕੀਤੀ ਸੀ। 300 ਤੋਂ ਵਧ ਹਸਤੀਆਂ ਨੇ ਸੀ.ਏ.ਏ. ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐੱਨ.ਆਰ.ਸੀ.) ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਅਤੇ ਹੋਰਾਂ ਨਾਲ ਇਕਜੁਟਤਾ ਪ੍ਰਾਪਤ ਕੀਤੀ ਸੀ। ਉਰਮੀਲਾ ਮਾਤੋਂਡਕਰ 2019 ਦੀਆਂ ਚੋਣਾਂ ਤੋਂ ਪਹਿਲਾਂ ਮੁੰਬਈ 'ਚ ਕਾਂਗਰਸ ਪਾਰਟੀ ਦੀ ਮੈਂਬਰ ਬਣੀ ਸੀ। ਉਰਮੀਲਾ ਕਾਂਗਰਸ ਦੀ ਟਿਕਟ 'ਤੇ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਲੜ ਚੁਕੀ ਹੈ। ਹਾਲਾਂਕਿ 2019 ਦੇ ਚੋਣਾਵੀ ਮੈਦਾਨ 'ਚ ਉਰਮੀਲਾ ਮਾਤੋਂਡਕਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕੀ ਸੀ ਰੋਲੇਟ ਐਕਟ
ਰੋਲੇਟ ਐਕਟ ਜਿਸ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ, ਭਾਰਤ ਦੀ ਬ੍ਰਿਟਿਸ਼ ਸਰਕਾਰ ਵਲੋਂ ਭਾਰਤ 'ਚ ਉੱਭਰ ਰਹੇ ਰਾਸ਼ਟਰੀ ਅੰਦੋਲਨ ਨੂੰ ਕੁਚਲਣ ਲਈ ਬਣਾਇਆ ਗਿਆ ਸੀ। ਇਸ ਕਾਨੂੰਨ ਨਾਲ ਬ੍ਰਿਟਿਸ਼ ਸਰਕਾਰ ਨੂੰ ਇਹ ਅਧਿਕਾਰ ਪ੍ਰਾਪਤ ਹੋ ਗਿਆ ਸੀ ਕਿ ਉਹ ਕਿਸੇ ਵੀ ਭਾਰਤੀ 'ਤੇ ਕੋਰਟ 'ਚ ਬਿਨਾਂ ਮੁਕੱਦਮਾ ਚਲਾਏ, ਉਸ ਨੂੰ ਜੇਲ 'ਚ ਬੰਦ ਕਰ ਸਕਦੀ ਸੀ।

DIsha

This news is Content Editor DIsha