CAA: ਲਖਨਊ ਦੇ ਕਈ ਇਲਾਕਿਆਂ ਚ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਸਾੜੀਆਂ 2 ਪੁਲਸ ਚੌਕੀਆਂ

12/19/2019 4:32:02 PM

ਲਖਨਊ—ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹਿੰਸਕ ਪ੍ਰਦਰਸ਼ਨ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਖਦਰਾ ਅਤੇ ਸਤਖੰਡਾ ਪੁਲਸ ਚੌਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਇਸ ਕਾਰਨ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ  ਲਾਠੀਚਾਰਜ ਕਰ ਦਿੱਤਾ, ਜਿਸ 'ਚ ਕਈ ਪ੍ਰਦਰਸ਼ਨਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਪੁਲਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ। ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂ.ਪੀ. 'ਚ ਅੱਜ ਭਾਰੀ ਹਿੰਸਾ ਹੋਈ। ਇਸ ਦੌਰਾਨ ਪਰਿਵਰਤਨ ਚੌਕ ਕੋਲ 10 ਕਾਰਾਂ, 3 ਬੱਸਾਂ, 4 ਮੀਡੀਆ ਓ.ਬੀ. ਵੈਨ ਅਤੇ 20 ਮੋਟਰ ਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਦੱਸਿਆ ਜਾਂਦਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਲਖਨਊ ਦੇ ਸਾਰੇ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੈਟਰੋ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਹਨ।

ਸੁਰੱਖਿਆ ਦਾ ਦਾਅਵਾ ਕਰਨ ਵਾਲੀ ਲਖਨਊ ਪੁਲਸ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈ ਹੈ। ਪੁਲਸ ਦੀ ਕਿਲ੍ਹਾਬੰਦੀ ਪੁਰਾਣੇ ਲਖਨਊ ਤੋਂ ਪਰਿਵਰਤਨ ਚੌਕ ਦੇ ਵਿਚਾਲੇ 10 ਤੋਂ ਜ਼ਿਆਦਾ ਬੈਰੀਕੇਡਿੰਗ ਹੋਣ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਪਰਿਵਰਤਨ ਚੌਕ ਪਹੁੰਚ ਗਏ ਅਤੇ ਕਾਫੀ ਪ੍ਰਦਰਸ਼ਨ ਕੀਤਾ।

Iqbalkaur

This news is Content Editor Iqbalkaur