ਐਮਾਜ਼ੋਨ, ਫਲਿੱਪਕਾਰਟ ਖਿਲਾਫ ਕੱਲ੍ਹ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨਗੇ ਦੇਸ਼ ਭਰ ਦੇ ਕਾਰੋਬਾਰੀ : ਕੈਟ

11/19/2019 5:03:20 PM

ਨਵੀਂ ਦਿੱਲੀ — ਦੇਸ਼ ਭਰ ਦੇ 700 ਤੋਂ ਜ਼ਿਆਦਾ ਸ਼ਹਿਰਾਂ ਵਿਚ ਕਾਰੋਬਾਰੀ ਕੱਲ੍ਹ ਯਾਨੀ ਕਿ ਬੁੱਧਵਾਰ 20 ਨਵੰਬਰ ਨੂੰ Amazon ਅਤੇ Flipkart ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਅਨੈਤਿਕ ਅਤੇ ਨਜਾਇਜ਼ ਕਾਰੋਬਾਰੀ ਤੌਰ ਤਰੀਕੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ। ਵਪਾਰੀਆਂ ਦੇ ਸੰਗਠਨ ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ(ਕੈਟ) ਨੇ ਮੰਗਲਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਕੈਟ ਨੇ ਪਹਿਲਾਂ ਵੀ ਕਈ ਵਾਰ ਇਹ ਦੋਸ਼ ਲਗਾਇਆ ਹੈ ਕਿ ਇਹ ਕੰਪਨੀਆਂ ਕਾਨੂੰਨ ਦੀ ਦੁਰਵਰਤੋਂ ਕਰ ਰਹੀਆਂ ਹਨ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀਆਂ ਵਿਵਸਥਾਵਾਂ ਦਾ ਉਲੰਘਣ ਕਰ ਰਹੀਆਂ ਹਨ। ਕੈਟ ਨੇ ਕਿਹਾ ਕਿ ਕਾਰੋਬਾਰੀ 700 ਤੋਂ ਜ਼ਿਆਦਾ ਸ਼ਹਿਰਾਂ 'ਚ ਪ੍ਰਦਰਸ਼ਨ ਕਰਨਗੇ ਅਤੇ 20 ਨਵੰਬਰ ਨੂੰ 'ਰਾਸ਼ਟਰੀ ਵਿਰੋਧ ਦਿਵਸ' ਦੇ ਰੂਪ ਵਿਚ ਮਨਾਉਣਗੇ। ਕੈਟ ਨੇ ਕਿਹਾ ਕਿ ਦਿੱਲੀ ਦੇ ਸਦਰ ਬਜ਼ਾਰ 'ਚ ਦੁਪਹਿਰ ਦੇ ਸਮੇਂ 11.30 ਤੋਂ 1.30 ਵਜੇ ਦੌਰਾਨ ਧਰਨਾ ਦਿੱਤਾ ਜਾਵੇਗਾ।