ਸੀਨੇ ਮੇਂ ਜਲਨ, ਆਂਖੋਂ ਮੇਂ ਤੂਫਾਨ ... ਸਾਹਿਬ ਕਿਉਂ ਅਨਜਾਨ

11/14/2017 8:54:38 AM

ਪਾਟਨ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਕ ਫਿਲਮੀ ਗਜ਼ਲ ਦੇ ਸ਼ਬਦਾਂ ਦੀ ਮਦਦ ਨਾਲ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਫੈਲੇ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦੇ ਕਾਰਨ ਆਮ ਆਦਮੀ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ,''ਕੀ ਦੱਸਣਗੇ ਸਾਹਿਬ, ਸਭ ਜਾਣ ਕੇ ਅਣਜਾਣ ਕਿਉਂ ਹਨ?'' ਉਨ੍ਹਾਂ ਟਵੀਟ ਕੀਤਾ,''ਸੀਨੇ ਮੇਂ ਜਲਨ, ਆਂਖੋਂ ਮੇਂ ਤੂਫਾਨ ਸਾ ਕਿਉਂ ਹੈ, ਇਸ ਸ਼ਹਿਰ ਮੇਂ ਹਰ ਸ਼ਖਸ ਪ੍ਰੇਸ਼ਾਨ ਸਾ ਕਿਉਂ ਹੈ, ਕਿਆ ਬਤਾਏਂਗੇ ਸਾਹਿਬ, ਸਭ ਜਾਨਕਰ ਅਨਜਾਨ ਕਿਉਂ ਹੈਂ।'' ਰਾਹੁਲ ਨੇ ਇਹ ਸ਼ਬਦ ਦਰਅਸਲ 'ਗਮਨ' ਫਿਲਮ ਦੇ ਲਈ ਲਿਖੀ ਗਈ ਸ਼ਹਰਯਾਰ ਦੀ ਗਜ਼ਲ ਤੋਂ ਲਏ ਹਨ। 
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਗੁਜਰਾਤ ਵਿਚ ਚੋਣ ਪ੍ਰਚਾਰ ਦੇ ਦੌਰਾਨ ਦਲਿਤ ਫਿਰਕੇ ਨਾਲ ਇਕ ਸੰਵਾਦ ਪ੍ਰੋਗਰਾਮ ਵਿਚ ਕਿਹਾ ਕਿ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਇਕ ਮਨੂਵਾਦੀ ਸੰਗਠਨ ਹੈ, ਜੋ ਦੇਸ਼ ਦੀ ਜਾਤੀਵਾਦੀ ਵਿਵਸਥਾ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਾ ਚਾਹੁੰਦਾ ਹੈ। 
ਉਨ੍ਹਾਂ ਕਿਹਾ ਕਿ ਸੰਘ ਬੇਸ਼ੱਕ ਮਨੂਵਾਦੀ ਹੈ ਪਰ ਆਮ ਜਾਤੀ ਦੇ ਲੋਕਾਂ ਦੇ ਕਈ ਅਜਿਹੇ ਸੰਗਠਨ ਵੀ ਹਨ, ਜਿਨ੍ਹਾਂ ਦੀ ਸੋਚ ਮਨੂੰਵਾਦੀ ਨਹੀਂ ਹੈ।  ਮੈਂ ਜਾਤੀਵਾਦੀ ਵਿਵਸਥਾ ਦੇ ਵਿਰੁੱਧ ਹਾਂ। ਇਹ ਅਜਿਹੀ ਵਿਵਸਥਾ ਹੈ, ਜੋ ਕਿਸੇ ਇਨਸਾਨ ਨੂੰ ਇਨਸਾਨ ਨਹੀਂ ਮੰਨਦੀ। ਇਸ ਵਿਵਸਥਾ ਨੂੰ ਰੱਦ ਕਰਨਾ ਹੈ। ਅਸੀਂ ਦਲਿਤ ਆਦਿਵਾਸੀਆਂ ਸਮੇਤ ਸਭ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਹਾਂ।