ਕਿਸਾਨਾਂ ''ਚ ਰੋਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ''ਹੋਲੀ''

03/29/2021 4:11:33 PM

ਸੋਨੀਪਤ (ਦੀਕਸ਼ਿਤ)- ਕੁੰਡਲੀ ਸਮੇਤ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੋਲੀ ਦੇ ਪਵਿੱਤਰ ਮੌਕੇ ’ਤੇ ਹੋਲਿਕਾ ਦਹਿਨ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਅੰਦੋਲਨ ਨੂੰ ਅੱਗੇ ਵਧਾਉਣਗੇ, ਪਿੱਛੇ ਹੱਟਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਜ਼ਿੱਦ ਛੱਡ ਕੇ ਕਿਸਾਨਾਂ ਦੀ ਗੱਲ ਸੁਣੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ 5 ਅਪ੍ਰੈਲ ਨੂੰ ਪੂਰੇ ਦੇਸ਼ ’ਚ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਦੇ ਦਫਤਰਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ। ਉਸ ਤੋਂ ਪਹਿਲਾਂ 30 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਇਕ ਬੈਠਕ ਸੱਦੀ ਗਈ ਹੈ। ਉਸ ’ਚ ਅਪ੍ਰੈਲ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਅੰਦੋਲਨ ਦੀ ਰੂਪ ਰੇਖਾ ਤਿਆਰ ਹੋਵੇਗੀ।

ਕੁੰਡਲੀ ਦੀ ਹੱਦ ’ਤੇ ਹੋਣ ਵਾਲੀ ਇਸ ਬੈਠਕ ’ਚ ਸਖਤ ਫੈਸਲੇ ਲੈਣ ਅਤੇ ਵੱਡੇ ਅੰਦੋਲਨ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ  ਦੀ ਬੈਠਕ ਹੋਈ ਸੀ। ਉਸ ’ਚ ਅੰਦੋਲਨ ਨੂੰ ਅੱਗੇ ਵਧਾਉਣ ’ਤੇ ਤਾਂ ਜ਼ੋਰ ਦਿੱਤਾ ਹੀ ਗਿਆ, ਨਾਲ ਹੀ ਦਿੱਲੀ ਵੱਲ ਵੱਧਣ ਲਈ ਦਬਾਅ ਬਣਾਉਣ ਦੀ ਗੱਲ ਵੀ ਆਖੀ ਗਈ ਤਾਂ ਜੋ ਸਰਕਾਰ ਜ਼ਿੱਦ ਛੱਡ ਕੇ ਕਿਸਾਨਾਂ ਪ੍ਰਤੀ ਰਵੱਈਏ ’ਚ ਤਬਦੀਲੀ ਲਿਆਵੇ।

ਕੁੰਡਲੀ ਦੀ ਹੱਦ ’ਤੇ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਅਗਵਾਈ ਕੀਤੀ। ਗਾਜ਼ੀਪੁਰ ਵਿਖੇ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜਨ ਦੇ ਪ੍ਰੋਗਰਾਮ ’ਚ ਹਿੱਸਾ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਅਤੇ ਲੋਕ ਵਿਰੋਧੀ ਹਨ। ਡਾਕਟਰ ਦਰਸ਼ਨ ਪਾਲ ਨੇ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਅੰਦੋਲਨ ਵਿਰੋਧੀ ਕਾਨੂੰਨ ਪਾਸ ਕਰਨ ਨੂੰ ਲੋਕਾਂ ਦੇ ਹਿੱਤਾਂ ’ਤੇ ਸੱਟ ਕਰਾਰ ਦਿੱਤਾ।

ਦਰਸ਼ਨ ਪਾਲ ਨੇ ਕਿਹਾ ਕਿ ਇਸ ਕਾਨੂੰਨ ਦਾ ਮਕਸਦ ਸਿਰਫ ਅੰਦੋਲਨ ਅਤੇ ਅੰਦੋਲਨ ਕਰਨ ਵਾਲਿਆਂ ਨੂੰ ਦਬਾਉਣਾ ਹੈ। ਇਸ ਨਾਲ ਸੂਬੇ ਦੇ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੋਇਆ ਹੈ। ਹਰਿਆਣਾ ਲੋਕ ਵਿਵਸਥਾ ’ਚ ਵਿਘਨ ਦੌਰਾਨ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਬਾਰੇ ਬਿੱਲ 2021 ਦੇ ਸਿਰਲੇਖ ਨਾਲ ਪਾਸ ਬਿੱਲ ’ਚ ਅਜਿਹੀਆਂ ਖਤਰਨਾਕ ਵਿਵਸਥਾਵਾਂ ਹਨ ਜੋ ਯਕੀਨੀ ਤੌਰ ’ਤੇ ਲੋਕ ਰਾਜ ਲਈ ਘਾਤਕ ਸਿੱਧ ਹੋਣਗੀਆਂ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਐੱਫ. ਸੀ. ਆਈ. ਦੇ ਬਜਟ ’ਚ ਕਟੌਤੀ ਕੀਤੀ ਜਾ ਰਹੀ ਹੈ। ਐੱਫ. ਸੀ. ਆਈ. ਦੇ ਫਸਲਾਂ ਦੀ ਖਰੀਦ ਪ੍ਰਣਾਲੀ ਦੇ ਨਿਯਮ ਬਦਲ ਦਿੱਤੇ ਗਏ ਹਨ।

ਸੰਯੁਕਤ ਕਿਸਾਨ ਮੋਰਚਾ ਦੀ ਆਮ ਸਭਾ ’ਚ ਇਹ ਤੈਅ ਕੀਤਾ ਗਿਆ ਕਿ 5 ਅਪ੍ਰੈਲ ਨੂੰ ਪੂਰੇ ਦੇਸ਼ ’ਚ ਐੱਫ. ਸੀ. ਆਈ. ਬਚਾਓ ਦਿਵਸ ਮਨਾਇਆ ਜਾਵੇਗਾ। ਇਸ ਅਧੀਨ ਐੱਫ. ਸੀ. ਆਈ. ਦੇ ਸਾਰੇ ਦਫਤਰਾਂ ਅੱਗੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਧਰਨੇ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਓਧਰ ਜਟਵਾੜਾ ਵਿਖੇ ਖਾਪ ਨੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

Tanu

This news is Content Editor Tanu