ਪੀ.ਐੱਮ. ਮੋਦੀ ਦੀ ਹਰੀ ਜੈਕੇਟ ਨੇ ਪਾਏ ਕਈ ਭੁਲੇਖੇ

02/01/2019 12:51:41 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਆਪਣਾ ਆਖਰੀ ਬਜਟ ਪੇਸ਼ ਕੀਤਾ ਗਿਆ, ਜਿਸ 'ਚ ਕਈ ਐਲਾਨ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਜੈਕੇਟ 'ਚ ਜਦੋਂ ਦਿਸੇ ਤਾਂ ਮੀਡੀਆ ਦੇ ਸਾਰੇ ਕੈਮਰੇ ਉਨ੍ਹਾਂ ਵੱਲ ਫੋਕਸ ਹੋ ਗਏ। ਪੀ.ਐੱਮ. ਮੋਦੀ ਨੇ ਕੁੜਤੇ-ਪਜਾਮੇ ਦੇ ਉੱਪਰ ਹਰੇ ਰੰਗ ਦੀ ਜੈਕੇਟ ਪਾਈ ਹੋਈ ਸੀ, ਜਿਸ 'ਤੇ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ। ਦਰਅਸਲ ਮੀਡੀਆ 'ਚ ਪੀ.ਐੱਮ. ਦੀ ਹਰੀ ਜੈਕੇਟ 'ਤੇ ਚਰਚਾ ਸ਼ੁਰੂ ਹੋ ਗਈ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਵੱਡਾ ਐਲਾਨ ਕਰ ਸਕਦੀ ਹੈ। ਹਰੇ ਰੰਗ ਦੀ ਜੈਕੇਟ ਨੂੰ ਮੀਡੀਆ ਨੇ ਕਿਸਾਨਾਂ ਨਾਲ ਜੋੜ ਕੇ ਦਿਖਾਇਆ। ਪੀ.ਐੱਮ. ਮੋਦੀ ਤੋਂ ਇਲਾਵਾ ਖੇਤੀ ਮੰਤਰੀ ਰਾਧਾਮੋਹਨ ਸਿੰਘ ਵੀ ਹਰੀ ਜੈਕੇਟ 'ਚ ਹੀ ਨਜ਼ਰ ਆਏ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਆਮਦਨ ਦੇਣ ਦੀ ਯੋਜਨਾ ਪੇਸ਼ ਕੀਤੀ ਹੈ। 2019-20 ਦਾ ਬਜਟ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ 'ਪ੍ਰਧਾਨ ਮੰਤਰੀ ਸਨਮਾਨ ਫੰਡ' (ਪ੍ਰਧਾਨ ਮੰਤਰੀ ਕਿਸਾਨ ਯੋਜਨਾ) ਦਾ ਐਲਾਨ ਕੀਤਾ। ਇਸ ਯੋਜਨਾ 'ਚ 12 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਸ ਦੇ ਅਧੀਨ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਮਦਦ ਸਿੱਧੇ ਲਾਭ ਵੰਡ (ਡੀ.ਬੀ.ਟੀ.) ਰਾਹੀਂ ਕਿਸਾਨਾਂ ਦੇ ਬੈਂਕ ਖਾਤੇ 'ਚ ਪ੍ਰਦਾਨ ਕੀਤੀ ਜਾਵੇਗੀ। ਇਹ ਰਾਸ਼ੀ ਉਨ੍ਹਾਂ ਨੂੰ 2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਅਗਲੇ ਮਹੀਨੇ 31 ਤਾਰੀਕ ਤੱਕ ਕਿਸਾਨਾਂ ਦੇ ਖਾਤੇ 'ਚ ਪਾ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।

DIsha

This news is Content Editor DIsha