BSF ਨੇ ਲੋਕਾਂ ਨੂੰ ਦਿੱਤੀ ਖ਼ਾਸ ਸਿਖਲਾਈ, ਸਰਹੱਦ ’ਤੇ ਨਿਗਰਾਨੀ ਲਈ ‘ਤੀਜੀ ਅੱਖ’ ਬਣੇ ਪਿੰਡ ਵਾਸੀ

02/01/2022 6:10:33 PM

ਜੰਮੂ— ਪਾਕਿਸਤਾਨ ਨਾਲ ਲੱਗਦੀ 198 ਕਿਲੋਮੀਟਰ ਲੰਬੀ ਸਰਹੱਦ ’ਤੇ ਰਹਿ ਰਹੇ ਲੋਕ ਗੁਆਂਢੀ ਦੇਸ਼ ਨਾਲ ਹੋਣ ਵਾਲੀ ਡਰੋਨ ਘੁਸਪੈਠ ’ਤੇ ਨਜ਼ਰ ਰੱਖਣ ਵਿਚ ਬੀ. ਐੱਸ. ਐੱਫ. ਦੀ ਮਦਦ ਕਰ ਰਹੇ ਹਨ। ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ 140 ਤੋਂ ਵੱਧ ਡਰੋਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰ ਕੇ ਲੋਕਾਂ ਨੂੰ ਭਾਰਤ-ਪਾਕਿ ਸਰਹੱਦ ’ਤੇ ਡਰੋਨ ਗਤੀਵਿਧੀਆਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਹੈ।

ਕੌਮਾਂਤਰੀ ਸਰਹੱਦ ’ਤੇ ਸਥਿਤ ਆਰ. ਐੱਸ. ਪੁਰਾ, ਅਖਨੂਰ ਅਤੇ ਅਰਨੀਆ ਸੈਕਟਰ ’ਚ ਸਰਹੱਦੀ ਬਸਤੀਆਂ ’ਚ ਡਰੋਨ ਗਤੀਵਿਧੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਕਈ ਫਲੈਕਸ ਬੋਰਡ ਵੀ ਲਾਏ ਗਏ ਹਨ। ਸੁਚੇਤਗੜ੍ਹ ਵਾਸੀ ਦਿਆਨ ਸਿੰਘ ਦੱਸਦੇ ਹਨ ਕਿ ਅਸੀਂ ਸਰਹੱਦ ’ਤੇ ਡਰੋਨ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਾਂ। ਸਾਨੂੰ ਦੱਸਿਆ ਗਿਆ ਹੈ ਕਿ ਅੱਤਵਾਦੀਆਂ ਦੇ ਇਸਤੇਮਾਲ ਲਈ ਹਥਿਆਰ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥ ਡਿਗਾਉਣ ਖ਼ਾਤਰ ਕਿਵੇਂ ਸਰਹੱਦ ਪਾਰ ਤੋਂ ਡਰੋਨ ਦਾ ਸੰਚਾਲਨ ਕੀਤਾ ਜਾਂਦਾ ਹੈ।  ਇਕ ਹੋਰ ਪਿੰਡ ਵਾਸੀ ਅਤੇ ਸਾਬਕਾ ਫ਼ੌਜੀ ਸੁਰਮ ਚੰਦ ਨੇ ਕਿਹਾ ਕਿ ਬੀ. ਐੱਸ. ਐੱਫ. ਦੀ ਗਸ਼ਤ ਮੁਹਿੰਮ ਅਤੇ ਤਕਨੀਕੀ ਨਿਗਰਾਨੀ ਤੋਂ ਇਲਾਵਾ ਕੌਮਾਂਤਰੀ ਸਰਹੱਦ ’ਤੇ ਰਹਿਣ ਵਾਲੇ ਲੋਕ ਡਰੋਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਸਰਹੱਦ ’ਤੇ ਨਿਗਰਾਨੀ ਲਈ ‘ਤੀਜੀ ਅੱਖ’ ਬਣ ਗਏ ਹਨ। 

ਓਧਰ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸੰਧੂ ਨੇ ਦੱਸਿਆ ਕਿ ਜੰਮੂ, ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿਚ 170 ਤੋਂ ਵੱਧ ਬਸਤੀਆਂ ’ਚ 144 ਡਰੋਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਸੰਧੂ ਮੁਤਾਬਕ ਬੀ. ਐੱਸ. ਐੱਫ. ਨੇ ਸਰਹੱਦ ਪਾਰ ਡਰੋਨ ਗਤੀਵਿਧੀਆਂ ਸਰਹੱਦੀ ਇਲਾਕਿਆਂ ’ਚ ਗੰਭੀਰ ਚਿੰਤਾ ਦਾ ਸਬੱਬ ਬਣ ਗਈ ਹੈ, ਕਿਉਂਕਿ ਡਰੋਨ ਜ਼ਰੀਏ ਅੱਤਵਾਦੀਆਂ ਲਈ ਮਦਦ ਸਮੱਗਰੀ ਸੁੱਟੇ ਜਾਣ ਦੀਆਂ ਕਈ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਡੀ. ਆਈ. ਜੀ. ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਡਰੋਨ ਜ਼ਰੀਏ ਖੇਪ ਸੁੱਟੇ ਜਾਣ ਦਾ ਲਾਈਵ ਦ੍ਰਿਸ਼ ਵਿਖਾਇਆ ਗਿਆ। 


Tanu

Content Editor

Related News