ਪਿੱਠ ''ਤੇ ਭਰਾ ਦੀ ਲਾਸ਼ ਚੁੱਕ ਕੇ ਪੈਦਲ ਹੀ ਨਿਕਲ ਪਿਆ ਸ਼ਖਸ (ਵੀਡੀਓ)

05/05/2018 11:21:49 AM

ਦੇਹਰਾਦੂਨ— ਉਤਰਾਖੰਡ ਦੇ ਦੇਹਰਾਦੂਨ ਸਥਿਤ ਦੂਨ ਹਸਪਤਾਲ 'ਚ ਲਾਪਰਵਾਹੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੂਨ ਹਸਪਤਾਲ 'ਚ ਇਕ ਸ਼ਖਸ ਸਟਰੈਚਰ ਨਾ ਹੋਣ ਕਾਰਨ ਲਾਸ਼ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਭਟਕਦਾ ਰਿਹਾ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਐਕਸ਼ਨ ਲੈ ਲਿਆ ਹੈ। ਇਸ ਘਟਨਾ 'ਤੇ ਐਕਸ਼ਨ ਤੋਂ ਬਾਅਦ ਹਸਪਤਾਲ ਪ੍ਰਬੰਧਨ 'ਚ ਹੜਕੰਪ ਮਚਿਆ ਹੋਇਆ ਹੈ। ਹਸਪਤਾਲ ਪ੍ਰਬੰਧਨ ਨੇ ਪੰਕਜ ਨੂੰ ਉਨ੍ਹਾਂ ਦੇ ਭਰਾ ਦੀ ਲਾਸ਼ ਐਂਬੂਲੈਂਸ 'ਚ ਲਿਜਾਉਣ ਦੇ ਏਵਜ਼ 'ਚ 5 ਹਜ਼ਾਰ ਰੁਪਏ ਮੰਗੇ। ਕਿਤੋਂ ਮਦਦ ਨਾ ਮਿਲਣ 'ਤੇ ਉਹ ਆਪਣੇ ਭਰਾ ਦੀ ਲਾਸ਼ ਪਿੱਠ 'ਤੇ ਚੁੱਕ ਕੇ ਪੈਦਲ ਲੈ ਕੇ ਹੀ ਘਰ ਵੱਲ ਨਿਕਲ ਪਿਆ। ਇਸ ਦੌਰਾਨ ਕਿੰਨਰਾਂ ਦੇ ਇਕ ਸਮੂਹ ਅਤੇ ਕੁਝ ਹੋਰ ਲੋਕਾਂ ਨੇ ਉਸ ਦੀ ਮਦਦ ਕੀਤੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਧਾਮਪੁਰ ਵਾਸੀ ਪੰਕਜ ਆਪਣੇ ਛੋਟੇ ਭਰਾ ਸੰਜੂ ਦੇ ਫੇਫੜਿਆਂ ਦੇ ਇਨਫੈਕਸ਼ਨ ਦੇ ਇਲਾਜ ਲਈ ਦੂਨ ਮੈਡੀਕਲ ਕਾਲਜ ਪੁੱਜਿਆ ਸੀ। ਹਾਲਾਂਕਿ ਵੀਰਵਾਰ ਨੂੰ ਸੰਜੂ ਦੀ ਮੌਤ ਹੋ ਗਈ। ਪੰਕਜ ਕੋਲ ਲਾਸ਼ ਵਾਹਨ 'ਤੇ ਲਿਜਾਉਣ ਲਈ ਪੈਸੇ ਨਹੀਂ ਸਨ। ਉਸ ਨੇ ਹਸਪਤਾਲ ਤੋਂ ਐਂਬੂਲੈਂਸ ਦੇਣ ਦੀ ਅਪੀਲ ਕੀਤੀ ਪਰ ਇਸ ਦੇ ਏਵਜ਼ 'ਚ ਉਸ ਤੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਐਂਬੂਲੈਂਸ ਸੇਵਾ 108 'ਤੇ ਫੋਨ ਕਰਨ 'ਤੇ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ।

ਕਿੰਨਰਾਂ ਸਮੇਤ ਲੋਕਾਂ ਨੇ ਜੁਟਾਇਆ ਚੰਦਾ
ਪੰਕਜ ਨੇ ਕਿਸੇ ਦੀ ਵੀ ਮਦਦ ਨਾ ਮਿਲਣ 'ਤੇ ਭਰਾ ਦੀ ਲਾਸ਼ ਪਿੱਠ 'ਤੇ ਚੁੱਕ ਲਈ ਅਤੇ ਪੈਦਲ ਹੀ ਧਾਮਪੁਰ ਲਈ ਨਿਕਲ ਪਿਆ। ਐੱਮ.ਕੇ.ਪੀ. ਕਾਲਜ ਕੋਲ ਸਾਹਮਣੇ ਤੋਂ ਆ ਰਹੇ ਕਿੰਨਰਾਂ ਨੇ ਇਹ ਦੇਖ ਕੇ ਪੰਕਜ ਨੂੰ 2 ਹਜ਼ਾਰ ਰੁਪਏ ਦਿੱਤੇ ਅਤੇ ਕੁਝ ਲੋਕਾਂ ਨੇ ਵੀ ਚੰਦਾ ਜਮ੍ਹਾ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਭਰਾ ਦੀ ਲਾਸ਼ ਘਰ ਲਿਜਾ ਸਕਿਆ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਨੇ ਲਿਆ ਐਕਸ਼ਨ
ਹਸਪਤਾਲ ਪ੍ਰਬੰਧਨ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਮਾਮਲੇ 'ਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਐਕਸ਼ਨ ਲੈਂਦੇ ਹੋਏ ਸਿਹਤ ਸਕੱਤਰ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਤ੍ਰਿਵੇਂਦਰ ਨੇ ਮੀਡੀਆ ਨੂੰ ਇਸ ਘਟਨਾ 'ਤੇ ਕਿਹਾ,''ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਸਾਡੇ ਲਈ ਇਹ ਇਕ ਸ਼ਰਮਨਾਕ ਘਟਨਾ ਹੈ। ਮੈਨੂੰ ਸਵੇਰੇ ਦੀ ਇਹ ਖਬਰ ਮਿਲੀ ਅਤੇ ਮੈਨੂੰ ਸਿਹਤ ਸਕੱਤਰ ਨੂੰ ਸ਼ਾਮ ਤੱਕ ਮਾਮਲੇ ਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਲਾਪਰਵਾਹੀ ਦੇ ਪਿੱਛੇ ਜੋ ਲੋਕ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।''