ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ

09/11/2021 2:45:32 PM

ਜੈਸਲਮੇਰ- ਵਿਆਹ ਦੇ 32 ਮਹੀਨਿਆਂ ਯਾਨੀ ਢਾਈ ਸਾਲ ਬਾਅਦ ਇਕ ਲਾੜੀ ਪਾਕਿਸਤਾਨ ਤੋਂ ਵਿਦਾ ਕੇ ਭਾਰਤ ਪਹੁੰਚੀ। ਉਸ ਨੇ ਸ਼ੁੱਕਰਵਾਰ ਸ਼ਾਮ ਅਟਾਰੀ ਬਾਰਡਰ ’ਤੇ ਭਾਰਤ ਦੀ ਧਰਤੀ ਨੂੰ ਚੁੰਮਿਆ। ਉਸ ਦੇ ਭਾਰਤ ਪਹੁੰਚਣ ’ਤੇ ਇੰਨੇ ਲੰਬੇ ਸਮੇਂ ਤੋਂ ਲਾੜੀ ਦਾ ਇੰਤਜ਼ਾਰ ਕਰ ਰਹੇ ਜੈਸਲਮੇਰ ਦੇ ਬਈਆ ਪਿੰਡ ਵਾਸੀ ਵਿਕਰਮ ਸਿੰਘ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਲਾੜੀ ਨਿਰਮਲਾ ਕੰਵਰ ਦਾ ਉਸ ਦੇ ਪਰਿਵਾਰ ਨੇ ਰਾਜਸਥਾਨੀ ਰਵਾਇਤੀ ਤਰੀਕੇ ਨਾਲ ਮੂੰਹ ਮਿੱਠਾ ਕਰਵਾ ਕੇ ਉਸ ਦਾ ਸੁਆਗਤ ਕੀਤਾ। ਪਾਕਿਸਤਾਨ ’ਚ ਫਸੀ ਇਸ ਲਾੜੀ ਨੂੰ ਲਿਆਉਣ ’ਚ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਰਾਹੀਂ ਭਾਰਤੀ ਦੂਤਘਰ ਨਾਲ ਸੰਪਰਕ ਕਰ ਕੇ ਜੈਸਲਮੇਰ ਦੀ ਇਸ ਨੂੰਹ ਨੂੰ ਉਸ ਦੇ ਸਹੁਰੇ ਲਿਆਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਕਾਫ਼ੀ ਕੋਸ਼ਿਸ਼ ਕੀਤੀ। ਨਿਰਮਲਾ ਕੰਵਰ ਨੇ ਭਾਰਤ ਪਹੁੰਚਣ ’ਤੇ ਉਨ੍ਹਾਂ ਦੇ ਸੁਆਗਤ ਲਈ ਸੰਸਦ ਮੈਂਬਰ ਸੇਵਾ ਕੇਂਦਰ, ਬਾੜਮੇਰ ’ਚ ਦੁਪਹਿਰ ਨੂੰ ਸੁਆਗਤ ਸਮਾਰੋਹ ਆਯੋਜਿਤ ਕੀਤਾ ਗਿਆ। 

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

ਦੱਸਣਯੋਗ ਹੈ ਕਿ ਜੈਸਲਮੇਰ ਦੇ ਬਈਆ ਪਿੰਡ ਵਾਸੀ ਵਿਕਰਮ ਸਿੰਘ ਅਤੇ ਉਸ ਦੇ ਭਰਾ ਨੇਪਾਲ ਸਿੰਘ ਨੇ ਪਾਕਿਸਤਾਨ ਦੇ ਸਿੰਧ ਇਲਾਕੇ ’ਚ ਜਨਵਰੀ 2019 ’ਚ ਵਿਆਹ ਕਰਵਾਇਆ ਸੀ। ਇਸ ਵਿਚ ਜੰਮੂ ਕਸ਼ਮੀਰ ’ਚ ਪੁਲਵਾਮਾ ਹਮਲਾ ਹੋਇਆ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਦੂਰੀਆਂ ਵੱਧ ਗਈਆਂ। ਰੇਲ, ਬੱਸ ਤੋਂ ਲੈ ਕੇ ਹਵਾਈ ਸਫ਼ਰ ਤੱਕ ਬੰਦ ਹੋ ਗਿਆ। ਇਸ ਕਾਰਨ ਕਰੀਬ 4-5 ਮਹੀਨਿਆਂ ਤੱਕ ਵਿਕਰਮ ਸਿੰਘ ਸਹੁਰੇ ਹੀ ਰਿਹਾ, ਆਖਿਰਕਾਰ ਪਤਨੀ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਉਹ ਇਕੱਲਾ ਹੀ ਭਾਰਤ ਵਾਪਸ ਆ ਗਿਆ। ਉਮੀਦ ਬੱਝੀ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਠੀਕ ਹੋਣ ’ਤੇ ਉਸ ਦੀ ਪਤਨੀ ਭਾਰਤ ਆਏਗੀ ਪਰ ਵਿਕਰਮ ਸਿੰਘ ਦੀ ਪਤਨੀ ਨਿਰਮਲਾ ਕੰਵਰ ਦਾ ਪਾਸਪੋਰਟ ਬਲੈਕਲਿਸਟਿਡ ਹੋਣ ਨਾਲ ਉਹ ਭਾਰਤ ਨਹੀਂ ਆ ਸਕੀ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ’ਤੇ ਵਿਕਰਮ ਸਿੰਘ ਦੇ ਭਰਾ ਨੇਪਾਲ ਸਿੰਘ ਅਤੇ ਬਾੜਮੇਰ ਦੇ ਗਿਰਾਬ ਵਾਸੀ ਮਹੇਂਦਰ ਸਿੰਘ ਦੀਆਂ ਪਤਨੀਆਂ ਪਾਕਿਸਤਾਨ ਤੋਂ ਭਾਰਤ ਆ ਗਈਆਂ ਸਨ ਪਰ ਨਿਰਮਲਾ ਕੰਵਰ ਪਾਸਪੋਰਟ ਕਾਰਨ ਪਾਕਿਸਤਾਨ ’ਚ ਹੀ ਅਟਕ ਗਈ। ਪਾਕਿਸਤਾਨ ’ਚ ਹੀ ਪੈਦਾ ਹੋਏ ਵਿਕਰਮ ਸਿੰਘ ਦੇ ਪੁੱਤਰ ਰਾਜਵੀਰ ਸਿੰਘ ਨੂੰ ਵੀਜ਼ਾ ਮਿਲਣ ਨਾਲ ਉਸ ਨੂੰ ਮਾਰਚ ’ਚ ਹੀ ਭਾਰਤ ਲੈ ਆਏ ਸਨ। ਬੀਤੇ ਦਿਨੀਂ ਨਿਰਮਲਾ ਕੰਵਰ ਦਾ ਪਾਸਪੋਰਟ ਪਾਕਿਸਤਾਨ ਵਲੋਂ ਬਹਾਲ ਕਰਨ ਕਾਰਨ ਉਹ ਵੀ ਭਾਰਤ ਆ ਗਈ।

ਇਹ ਵੀ ਪੜ੍ਹੋ : ਮੁੰਬਈ ਰੇਪ ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ, ਹੋਈ ਸੀ ‘ਨਿਰਭਿਆ’ ਵਰਗੀ ਦਰਿੰਦਗੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha