ਪੱਛਮੀ ਬੰਗਾਲ 'ਚ ਮਜ਼ਦੂਰਾਂ 'ਤੇ ਡਿੱਗੀ ਇੱਟਾਂ ਦੇ ਭੱਠੇ ਦੀ ਚਿਮਨੀ, 3 ਦੀ ਮੌਤ, 30 ਤੋਂ ਵੱਧ ਜ਼ਖਮੀ

12/14/2023 11:10:49 AM

ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬੁੱਧਵਾਰ ਸ਼ਾਮ ਨੂੰ ਇੱਟਾਂ ਦੇ ਭੱਠੇ ਦੀ ਚਿਮਨੀ ਡਿੱਗ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਇੰਨਾ ਹੀ ਨਹੀਂ ਇਸ ਹਾਦਸੇ 'ਚ 30 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬਸੀਰਹਾਟ ਦੇ ਧਲਲਲਾਹ ਪਿੰਡ ਦੀ ਹੈ। ਇਸ ਸਬੰਧ ਵਿੱਚ ਇੱਕ ਪੁਲਸ ਅਧਿਕਾਰੀ ਨੇ ਦੱਸਿਆ, “ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕ ਭੱਠਾ ਮਜ਼ਦੂਰ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠੋਂ ਦੋ ਲਾਸ਼ਾਂ ਮਿਲੀਆਂ।
ਮਰਨ ਵਾਲੇ 2 ਮਜ਼ਦੂਰ ਯੂਪੀ, 1 ਸਥਾਨਕ 
ਇਸ ਹਾਦਸੇ ਸਬੰਧੀ ਪੁਲਸ ਨੇ ਦੱਸਿਆ ਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਪੁਲਸ ਨੇ ਦੱਸਿਆ ਕਿ ਚਿਮਨੀ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਅਧਿਕਾਰੀ ਮੁਤਾਬਕ ਕਰੀਬ 28 ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਬਸੀਰਹਾਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋ ਗੰਭੀਰ ਜ਼ਖਮੀ ਮਜ਼ਦੂਰਾਂ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਦੋ ਮਜ਼ਦੂਰ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਜੇਠੂਰਾਮ ਅਤੇ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਤੀਜੇ ਮ੍ਰਿਤਕ ਦੀ ਪਛਾਣ ਉੱਤਰੀ 24 ਪਰਗਨਾ ਦੇ ਹਫੀਜ਼ੁਲ ਮੰਡਲ ਵਜੋਂ ਹੋਈ ਹੈ।
ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੈ
ਇਸ ਹਾਦਸੇ ਬਾਰੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਬਚਾਅ ਲਈ ਵੱਡੀ ਪੁਲਸ ਟੀਮ ਤਾਇਨਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਿਮਨੀ ਦੇ ਡਿੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਅਸੀਂ ਹਾਦਸੇ ਦੀ ਜਾਂਚ ਦੇ ਆਧਾਰ 'ਤੇ ਅਗਲੀ ਕਾਰਵਾਈ ਕਰਾਂਗੇ।
ਪਿਛਲੇ ਸਾਲ ਵੀ ਇੱਟਾਂ ਦੇ ਭੱਠੇ ਦੀ ਚਿਮਨੀ ਵਿੱਚ ਧਮਾਕਾ ਹੋਇਆ ਸੀ
ਧਿਆਨਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਬਿਹਾਰ ਵਿੱਚ ਇੱਕ ਚਿਮਨੀ ਭੱਠੇ ਵਿੱਚ ਧਮਾਕਾ ਹੋਇਆ ਸੀ ਅਤੇ ਇਸ ਹਾਦਸੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 23 ਦਸੰਬਰ 2022 ਦੀ ਸ਼ਾਮ ਨੂੰ ਮੋਤੀਹਾਰੀ ਦੇ ਰਾਮਗੜ੍ਹਵਾ ਥਾਣਾ ਖੇਤਰ ਦੇ ਨਰੀਰਗਿਰ ਪਿੰਡ ਨੇੜੇ ਇੱਟ-ਭੱਠੇ ਦੀ ਚਿਮਨੀ ਵਿੱਚ ਧਮਾਕਾ ਹੋਣ ਕਾਰਨ ਸੱਤ ਲੋਕ ਮਲਬੇ ਹੇਠਾਂ ਦੱਬ ਗਏ ਸਨ। ਦੱਸਿਆ ਗਿਆ ਹੈ ਕਿ ਚਿਮਨੀ ਵਿੱਚ ਧਮਾਕਾ ਉਦੋਂ ਹੋਇਆ ਜਦੋਂ ਇੱਟਾਂ ਪਕਾਉਣ ਲਈ ਅੱਗ ਲਗਾਈ ਗਈ ਸੀ। ਘਟਨਾ ਵੇਲੇ ਚਿਮਨੀ ਦਾ ਮਾਲਕ ਵੀ ਉੱਥੇ ਮੌਜੂਦ ਸੀ। ਧਮਾਕੇ ਦੇ ਸਮੇਂ ਮੌਕੇ 'ਤੇ ਕਰੀਬ 40 ਲੋਕ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon