ਘੱਟ ਉਮਰ ਦੀਆਂ ਔਰਤਾਂ ਵੀ ਆ ਰਹੀਆਂ ਹਨ ਬ੍ਰੈਸਟ ਕੈਂਸਰ ਦੀ ਲਪੇਟ ''ਚ

11/06/2019 7:33:54 PM

ਨਵੀਂ ਦਿੱਲੀ/ਲੰਡਨ— ਬ੍ਰੈਸਟ ਕੈਂਸਰ ਇਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕੁਝ ਸਾਲਾਂ 'ਚ ਹੀ ਭਾਰਤ ਦੇ ਕੈਂਸਰ ਦੀ ਜਕੜ 'ਚ ਆਉਣ ਵਾਲੇ ਮਰੀਜ਼ਾਂ 'ਚ ਇਹ ਸਮੱਸਿਆ ਘੱਟ ਉਮਰ ਵਰਗ 'ਚ ਪਾਈ ਜਾ ਰਹੀ ਹੈ। 25 ਤੋਂ 40 ਸਾਲ ਦੀ ਉਮਰ ਵਾਲੇ ਲੋਕ ਜ਼ਿਆਦਾਤਰ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਦਾ ਅੰਦਾਜ਼ਾ ਇਸ ਨਾਲ ਲਾ ਸਕਦੇ ਹੋ ਕਿ ਤੀਸਰੀ ਅਤੇ ਚੌਥੀ ਸਟੇਜ 'ਚ ਜਦੋਂ ਬੀਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਖਤਰਨਾਕ ਹੋ ਜਾਂਦੀ ਹੈ ਤਾਂ ਓਦੋਂ ਇਸ ਦਾ ਪਤਾ ਲੱਗਦਾ ਹੈ ਅਤੇ ਉਸ ਵੇਲੇ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਬ੍ਰੈਸਟ ਕੈਂਸਰ ਨੂੰ ਰੋਕ ਤਾਂ ਨਹੀਂ ਸਕਦੇ ਪਰ ਜਾਗਰੂਕਤਾ ਨਾਲ ਸਮੇਂ ਤੋਂ ਪਹਿਲਾਂ ਮੌਤ ਨੂੰ ਟਾਲਿਆ ਜਾ ਸਕਦਾ ਹੈ। ਸਮੇਂ ਸਿਰ ਰੋਗ ਦਾ ਪਤਾ ਚੱਲਣ ਨਾਲ ਇਲਾਜ ਬਹੁਤ ਸੌਖਾ ਹੋ ਜਾਂਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਸੰਕੋਚ ਨੂੰ ਛੱਡ ਕੇ ਕੈਂਸਰ ਦੇ ਲੱਛਣਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਨ। ਆਪਣੇ ਹੱਥ ਨਾਲ ਦੇਖੋ ਕਿ ਕੀ ਇਸ ਵਿਚ ਕੋਈ ਗੱਠ ਤਾਂ ਨਹੀਂ ਹੈ। ਸੋਜਿਸ਼, ਆਕਾਰ 'ਚ ਬਦਲਾਅ, ਨਿੱਪਲ ਦਾ ਅੰਦਰ ਧੱਸਣਾ ਜਾਂ ਗੰਦਾ ਪਾਣੀ ਤਾਂ ਨਹੀਂ ਆ ਰਿਹਾ। ਇਨ੍ਹਾਂ ਲੱਛਣਾਂ ਨੂੰ ਅਣਦੇਖਿਆ ਨਾ ਕਰੋ। ਕਈ ਵਾਰ ਮਰੀਜ਼ ਅਵਿਸ਼ਵਾਸ ਦੀ ਲਪੇਟ 'ਚ ਆ ਜਾਂਦੇ ਹਨ। ਮਰੀਜ਼ਾਂ ਨੂੰ ਦੇਸੀ ਦਵਾਈਆਂ ਤੇ ਝਾੜਫੂਕ ਤੋਂ ਬਚਣਾ ਚਾਹੀਦਾ ਅਤੇ ਸਮੇਂ ਸਿਰ ਇਲਾਜ ਕਰਵਾ ਲੈਣਾ ਚਾਹੀਦਾ ਹੈ। ਸਮੇਂ ਸਿਰ ਬੀਮਾਰੀ ਦਾ ਪਤਾ ਲੱਗਣ ਨਾਲ ਆਪ੍ਰੇਸ਼ਨ, ਕੀਮੋਥੈਰੇਪੀ ਤੇ ਰੇਡੀਓਥੈਰੇਪੀ ਆਦਿ ਨਾਲ ਇਲਾਜ ਸੰਭਵ ਹੈ।

ਡਾ. ਫਰਾਹ ਅਰਸ਼ਦ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਦਾ ਜਲਦੀ ਪਤਾ ਲਾਉਣ ਦਾ ਤਰੀਕਾ ਹੈ ਬ੍ਰੈਸਟ ਜਾਗਰੂਕਤਾ ਪ੍ਰੋਗਰਾਮ, ਜਿਸ ਵਿਚ ਸਿੱਖਿਆ, ਪ੍ਰੀਖਣ, ਅਲਟਰਾਸਾਊਂਡ ਅਤੇ ਮੈਮੋਗ੍ਰਾਮ ਵਰਗੀ ਜਾਂਚ ਸ਼ਾਮਲ ਹੈ। ਇਸ ਦੇ ਨਾਲ ਹੀ ਜੀਵਨ ਸ਼ੈਲੀ 'ਚ ਸੁਧਾਰ ਕਰਨਾ, ਫਾਸਟ ਫੂਡ ਤੋਂ ਦੂਰ ਰਹਿਣਾ, ਖੁਰਾਕ 'ਚ ਤਾਜ਼ੇ ਫਲ-ਸਬਜ਼ੀਆਂ ਲੈਣਾ, ਸਰੀਰਕ ਕਿਰਤ, ਕਸਰਤ ਤੇ ਯੋਗ ਆਦਿ ਕਰਨਾ ਸ਼ਾਮਲ ਹੈ।

Baljit Singh

This news is Content Editor Baljit Singh