ਰਾਜ ਸਭਾ ’ਚ ‘ਕੋਰੋਨਾ ਯੋਧਿਆਂ’ ਨੂੰ ਵੀਰਤਾ ਪੁਰਸਕਾਰ ਦੇਣ ਦੀ ਉਠੀ ਮੰਗ

09/17/2020 4:56:06 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫਰੰਟ ਲਾਈਨ ਦੇ ਯੋਧਿਆਂ ਦੀ ਮਿਹਨਤ ਅਤੇ ਸਮਰਪਣ ਦੀ ਰਾਜ ਸਭਾ ’ਚ ਸ਼ਲਾਘਾ ਕੀਤੀ ਗਈ। ਰਾਜ ਸਭਾ ਵਿਚ ਭਾਜਪਾ ਦੇ ਇਕ ਮੈਂਬਰ ਨੇ ਮੰਗ ਕੀਤੀ ਕਿ ਆਪਣੀ ਜਾਨ ਜ਼ੋਖਮ ’ਚ ਪਾਉਣ ਵਾਲੇ ਯੋਧਿਆਂ ਨੂੰ ਵੀਰਤਾ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। ਸਿਫਰ ਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਭਾਜਪਾ ਮੈਂਬਰ ਡੀ. ਪੀ. ਵਤਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਪੂਰੀ ਦੁਨੀਆ ਵਿਚ ਜੰਗ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ, ਨਰਸ ਅਤੇ ਸਿਹਤ ਕਾਮੇ ਜਿੱਥੇ ਹਸਪਤਾਲਾਂ ਵਿਚ ਪੂਰੇ ਧੀਰਜ ਨਾਲ ਆਪਣੀ ਡਿਊਟੀ ਕਰ ਰਹੇ ਹਨ, ਉੱਥੇ ਹੀ ਸਫਾਈ ਕਾਮੇ ਵੀ ਆਪਣੀ ਜ਼ਿੰਮੇਵਾਰੀ ’ਚ ਜੁੱਟੇ ਹੋਏ ਹਨ। 


ਵਤਸ ਨੇ ਕਿਹਾ ਕਿ ਆਪਰੇਸ਼ਨ ਥੀਏਟਰ, ਆਈ. ਸੀ. ਯੂ ਅਤੇ ਆਈਸੋਲੇਸ਼ਨ ਵਾਰਡ ’ਚ ਕੰਮ ਕਰ ਰਹੇ ਡਾਕਟਰ, ਨਰਸ ਅਤੇ ਅਰਧ ਮੈਡੀਕਲ ਕਾਮੇ ਉਨ੍ਹਾਂ ਫ਼ੌਜੀਆਂ ਵਾਂਗ ਹਨ, ਜੋ ਆਪਣੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਂਦੇ ਹਨ ਅਤੇ ਗੋਲਾ ਬਾਰੂਦ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ’ਚ ਕੋਰੋਨਾ ਯੋਧਿਆਂ ਦੀ ਮੌਤ ਦਰ ਵੱਧ ਹੈ। ਦੂਜੇ ਕਈ ਦੇਸ਼ਾਂ ਵਿਚ ਕੋਰੋਨਾ ਯੋਧਿਆਂ ਨੂੰ ਉਤਸ਼ਾਹਿਤ ਰਾਸ਼ੀ ਅਤੇ ਬੀਮਾ ਕਵਰ ਆਦਿ ਦੀ ਸਹੂਲਤ ਦਿੱਤੀ ਜਾ ਰਹੀ ਹੈ। ਵਤਸ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਫ਼ੌਜ ਅਤੇ ਪੁਲਸ ਸੇਵਾਵਾਂ ਵਾਂਗ ਹੀ ਕੋਰੋਨਾ ਯੋਧਿਆਂ ਨੂੰ ਵੀ ਸੇਵਾ ਜਾਂ ਵੀਰਤਾ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਏਅਰਹੋਸਟੈੈੱਸ ਨੀਰਜਾ ਭਨੋਟ ਨੂੰ ਸਨਮਾਨਤ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ 1986 ਵਿਚ ਪੈਨ-ਏਐੱਮ ਮੁੰਬਈ-ਨਿਊਯਾਰਕ ਫਲਾਈਟ ਨੂੰ ਕਰਾਚੀ ਹਵਾਈ ਅੱਡੇ ’ਤੇ ਅੱਤਵਾਦੀਆਂ ਨੇ ਅਗਵਾ ਕਰ ਲਈ ਸੀ ਅਤੇ ਸੀਨੀਅਰ ਫਲਾਈਟ ਲੈਫਟੀਨੈਂਟ ਨੀਰਜਾ ਭਨੋਟ ਉਸ ਜਹਾਜ਼ ’ਚ ਸੀ। ਆਪਣੇ ਸਾਹਸ ਨਾਲ ਨੀਰਜਾ ਨੇ ਕਈ ਯਾਤਰੀਆਂ ਦੀ ਜਾਨ ਬਚਾਈ ਪਰ ਅੱਤਵਾਦੀਆਂ ਨੇ ਨੀਰਜਾ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਨੀਰਜਾ ਨੂੰ ਉਨ੍ਹਾਂ ਦੀ ਵੀਰਤਾ ਲਈ ਭਾਰਤ ਦੇ ਸਰਵਉੱਚ ਸਨਮਾਨ ‘ਅਸ਼ੋਕ ਚੱਕਰ’ ਨਾਲ ਮਰਨ ਉਪਰੰਤ ਸਨਮਾਨਤ ਕੀਤਾ ਗਿਆ ਸੀ। 

Tanu

This news is Content Editor Tanu