ਹਿਮਾਚਲ: ਚੋਰਾਂ ਦੇ ਹੌਂਸਲੇ ਬੁਲੰਦ, ਉਦਯੋਗ ਮੰਤਰੀ ਬਿਕਰਮ ਠਾਕੁਰ ਦੇ ਘਰ ਕੀਤੀ ਚੋਰੀ

07/20/2022 6:02:43 PM

ਨੰਗਲ– ਨਵਾਂ ਨੰਗਰ ਦੇ ਸੈਕਟਰ-1 ’ਚ ਚੋਰਾਂ ਨੇ ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਬਿਕਰਮ ਠਾਕੁਰ ਦੇ ਘਰ ਸਮੇਤ ਇਕ ਹੋਰ ਘਰ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਚੋਰ ਬਿਕਰਮ ਠਾਕੁਰ ਦੇ ਘਰੋਂ ਪਿੱਤਲ ਦਾ ਗੁਰਜ ਚੋਰੀ ਕਰਕੇ ਲੈ ਗਏ ਜਦਕਿ ਇਕ ਹੋਰ ਘਰੋਂ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕੀਤੇ ਹਨ। ਨਵਾਂ ਨੰਗਰ ਚੌਂਕੀ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਵਾਂ ਨੰਗਰ ਸੈਕਟਰ-1 ਦੇ ਮਕਾਨ ਨੰਬਰ 122 ’ਚ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਨਾਜ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਅਤੇ ਫੁੱਫੜ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ  ਗਏ ਹੋਏ ਸਨ ਅਤੇ ਪਿੱਛੋਂ ਚੋਰਾਂ ਨੇ ਚੋਰੀ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਗੁਆਂਢੀਆਂ ਦੁਆਰਾ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ। ਉਸ ਤੋਂ ਬਾਅਦ ਭੂਆ ਨੇ ਉਨ੍ਹਾਂ ਨੂੰ ਫੋਨ ਕਰਕੇ ਮੌਕੇ ’ਤੇ ਭੇਜਿਆ। ਇਸ ਵਾਰਦਾਤ ’ਚ ਘਰ ’ਚ ਰੱਖਿਆ ਇਕ ਸੋਨੇ ਦਾ ਸੈੱਟ ਅਤੇ ਚਾਂਦੀ ਦੀਆਂ ਝਾਂਜਰਾਂ ਗਾਇਬ ਹਨ। ਉਨ੍ਹਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 

ਦੂਜੇ ਪਾਸੇ ਕੈਬਨਿਟ ਮੰਤਰੀ ਠਾਕੁਰ ਬਿਕਰਮ ਸਿੰਘ ਦੇ ਮਕਾਨ ਨੰਬਰ-124, ਇਸ ਨੂੰ ਮੰਤਰੀ ਦਫਤਰ ਦੇ ਤੌਰ ’ਤੇ ਇਸਤੇਮਾਲ ਕਰਦੇ ਹਨ ਜਦਕਿ ਕੈਬਨਿਟ ਮੰਤਰੀ ਬਿਕਰਮ ਦੀ ਮਾਤਾ, ਪਤਨੀ ਅਤੇ ਬੇਟੀ ਮਕਾਨ ਨੰਬਰ 123 ’ਚ ਰਹਿੰਦੇ ਹਨ। ਚੋਰਾਂ ਨੇ 124 ਨੰਬਰ ਘਰ ਦਾ ਤਾਲਾ ਤੋੜਨ ਤੋਂ ਬਾਅਦ ਉੱਥੋਂ ਪਿੱਤਲ ਦਾ ਗੁਰਜ ਚੋਰੀ ਕਰ ਲਿਆ। ਨਵਾਂ ਨੰਗਲ ਪੁਲਸ ਚੌਂਕੀ ਇੰਚਾਰਜ ਸਬ-ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵਾਂ ਨੰਗਲ ਦੇ ਸੈਕਟਰ-1 ਦੇ ਮਕਾਨ ਨੰਬਰ 122 ਅਤੇ 124 ’ਚ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ। ਪੁਲਸ ਸੀਸੀਟੀਵੀ ਫੁਟੇਜ਼ ਖੰਗਾਲ ਰਹੀ ਹੈ ਅਤੇ ਜਲਦ ਚੋਰਾਂ ਨੂੰ ਫੜ ਲਿਆ ਜਾਵੇਗਾ।

Rakesh

This news is Content Editor Rakesh