ਬਰੇਨ ਡੈੱਡ ਪਤੀ ਕਰ ਗਿਆ ਵਾਅਦਾ ਪੂਰਾ, ਕਿਡਨੀ ਦੇ ਕੇ ਬਚਾਈ ਪਤਨੀ ਦੀ ਜਾਨ
03/18/2019 5:18:11 PM
ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਦੇ ਵਾਸੀ ਹਰੇਸ਼ ਸਾਂਘਵੀ ਨੇ ਆਪਣੀ ਬੀਮਾਰ ਪਤਨੀ ਅਲਕਾ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਮਰਨ ਨਹੀਂ ਦੇਵੇਗਾ ਅਤੇ ਕਿਡਨੀ ਟਰਾਂਸਪਲਾਂਟ ਕਰਵਾ ਕੇ ਠੀਕ ਕਰ ਦੇਵੇਗਾ। ਹਰੇਸ਼ ਆਪਣਾ ਵਾਅਦਾ ਪੂਰਾ ਤਾਂ ਕਰ ਗਏ ਪਰ ਮੌਤ ਤੋਂ ਬਾਅਦ। ਹਰੇਸ਼ ਦਾ 5 ਮਾਰਚ ਨੂੰ ਐਕਸੀਡੈਂਟ ਹੋ ਗਿਆ ਸੀ। ਹਾਦਸੇ ਕਾਰਨ ਉਸ ਦੇ ਸਰੀਰ 'ਤੇ ਤਾਂ ਪ੍ਰਭਾਵ ਨਹੀਂ ਪਿਆ ਪਰ ਬਰੇਨ (ਦਿਮਾਗ) 'ਚ ਡੂੰਘੀ ਸੱਟ ਲੱਗੀ ਸੀ। ਉਹ ਕੋਮਾ 'ਚ ਚੱਲੇ ਗਏ ਅਤੇ ਉਨ੍ਹਾਂ ਨੂੰ ਬਰੇਨ ਹੈਮਰੇਜ ਹੋ ਗਿਆ। ਪਤੀ ਨਾਲ ਹੋਏ ਹਾਦਸੇ ਦੀ ਖਬਰ ਪਤਨੀ ਅਲਕਾ ਸਾਂਘਵੀ ਨੂੰ ਨਹੀਂ ਪਤਾ ਸੀ।
ਸ਼ੂਗਰ ਨਾਲ ਜੂਝ ਰਹੀ ਸੀ ਅਲਕਾ
ਲੰਬੇ ਸਮੇਂ ਤੋਂ ਸ਼ੂਗਰ ਨਾਲ ਜੂਝ ਰਹੀ ਅਲਕਾ ਦੀ ਕਿਡਨੀ ਫੇਲ ਹੋ ਗਈ ਸੀ। ਹਫਤੇ 'ਚ 2 ਵਾਰ ਉਨ੍ਹਾਂ ਦਾ ਡਾਇਲਸਿਸ ਹੁੰਦਾ ਸੀ। ਹਰੇਸ਼ ਦੀ ਮੌਤ ਨਾਲ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਸੀ ਪਰ ਉਨ੍ਹਾਂ ਦੀ ਪਹਿਲ ਅਲਕਾ ਦੀ ਜ਼ਿੰਦਗੀ ਬਚਾਉਣ ਦੀ ਸੀ। ਡਾਕਟਰਾਂ ਨੇ ਮੈਡੀਕਲ ਟੈਸਟ ਤੋਂ ਬਾਅਦ ਬਰੇਨ ਡੈੱਡ ਪਤੀ ਦੀ ਕਿਡਨੀ ਨੂੰ ਪਤਨੀ 'ਚ ਟਰਾਂਸਪਲਾਂਟ ਕਰਵਾਉਣ ਦਾ ਫੈਸਲਾ ਕੀਤਾ।
7 ਸਾਲ ਦਾ ਹੈ ਇਕ ਬੇਟਾ
ਇਸ ਦੌਰਾਨ ਅਲਕਾ ਲਗਾਤਾਰ ਆਪਣੇ ਪਤੀ ਬਾਰੇ ਪੁੱਛਦੀ ਰਹੀ ਪਰ ਪਰਿਵਾਰ ਵਾਲਿਆਂ ਨੇ ਛੋਟਾ ਜਿਹਾ ਹਾਦਸਾ ਹੋਣ ਦੀ ਗੱਲ ਕਹਿ ਕੇ ਦੱਸਿਆ ਕਿ ਉਹ ਜਲਦ ਹੀ ਮਿਲਣ ਆਉਣਗੇ। 11 ਮਾਰਚ ਨੂੰ ਹਰੇਸ਼ ਦੀ ਕਿਡਨੀ ਨੂੰ ਪਤਨੀ ਦੇ ਸਰੀਰ 'ਚ ਟਰਾਂਸਫਰ ਕਰ ਦਿੱਤਾ ਗਿਆ। ਹਰੇਸ਼ ਦੀ ਕਿਡਨੀ, ਲੀਵਰ ਅਤੇ ਅੱਖਾਂ ਨੂੰ ਦੂਜੇ ਮਰੀਜ਼ਾਂ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ. ਸਫ਼ਲ ਆਪਰੇਸ਼ਨ ਤੋਂ ਬਾਅਦ ਹੀ ਅਲਕਾ ਨੂੰ ਪਤੀ ਹਰੇਸ਼ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਦਾ 7 ਸਾਲ ਦਾ ਇਕ ਬੇਟਾ ਹੈ।