ਬੁਆਏਜ਼ ਲਾਕਰ ਰੂਮ ਮਾਮਲਾ : ਕੁੜੀ ਨੂੰ ਸੋਸ਼ਲ ਮੀਡੀਆ ''ਤੇ ਮਿਲ ਰਹੀਆਂ ਨੇ ਧਮਕੀਆਂ, FIR ਦਰਜ

06/08/2020 4:33:55 PM

ਨਵੀਂ ਦਿੱਲੀ (ਭਾਸ਼ਾ)— ਇੰਸਟਾਗ੍ਰਾਮ 'ਤੇ 'ਬੁਆਏਜ਼ ਲਾਕਰ ਰੂਮ' ਨਾਮ ਤੋਂ ਬਣੇ ਚੈਟ ਗਰੁੱਪ 'ਚ ਹੋ ਰਹੀਆਂ ਗੱਲਾਂ ਦਾ ਸਕ੍ਰੀਨਸ਼ਾਟ ਸਾਂਝਾ ਕਰਨ ਵਾਲੀਆਂ ਕੁੜੀਆਂ ਵਿਚੋਂ ਇਕ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ। ਉਕਤ ਕੁੜੀ ਨੇ ਦੱਸਿਆ ਕਿ ਉਸ ਨੂੰ ਇਤਰਾਜ਼ਯੋਗ ਸੰਦੇਸ਼ ਆ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਭਾਵ ਅੱਜ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਸ ਦੀ ਸਾਈਬਰ ਸ਼ਾਖਾ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਮੁਤਾਬਕ ਇਸ ਇੰਸਟਾਗ੍ਰਾਮ ਗਰੁੱਪ ਦਾ ਇਸਤੇਮਾਲ ਸੋਸ਼ਲ ਮੀਡੀਆ 'ਤੇ ਕੁੜੀਆਂ ਨਾਲ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਅਤੇ ਇਤਰਾਜ਼ਯੋਗ ਸੰਦੇਸ਼ਾਂ ਨੂੰ ਸਾਂਝਾ ਕਰਨ 'ਚ ਕੀਤਾ ਜਾ ਰਿਹਾ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਕੁੜੀ ਨੇ ਸਥਾਨਕ ਪੁਲਸ 'ਚ ਸ਼ਿਕਾਇਤ ਕੀਤੀ ਸੀ। ਉਸ ਦੀ ਸ਼ਿਕਾਇਤ 'ਤੇ ਬੁਆਏਜ਼ ਲਾਕਰ ਰੂਮ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਬਾਅਦ ਉਸ ਨੂੰ ਧਮਕੀ ਭਰੇ ਅਤੇ ਇਤਰਾਜ਼ਯੋਗ ਸੰਦੇਸ਼ ਆ ਰਹੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ਸ਼ਿਕਾਇਤ ਨੂੰ ਦਿੱਲੀ ਪੁਲਸ ਦੀ ਸਾਈਬਰ ਸ਼ਾਖਾ ਕੋਲ ਭੇਜ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਕੁੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਉਹ ਸ਼ਿਕਾਇਤਕਰਤਾ ਦੇ ਸੰਪਰਕ ਵਿਚ ਹਨ। 

ਦੱਸਣਯੋਗ ਹੈ ਕਿ ਇਸ ਇੰਸਟਾਗ੍ਰਾਮ ਚੈਟ ਗਰੁੱਪ ਬਾਰੇ ਉਸ ਸਮੇਂ ਖੁਲਾਸਾ ਹੋਇਆ ਸੀ, ਜਦੋਂ ਇਕ ਕੁੜੀ ਨੇ ਇਸ ਗਰੁੱਪ ਵਿਚ ਹੋ ਰਹੀਆਂ ਗਤੀਵਿਧੀਆਂ ਦਾ ਸਕ੍ਰੀਨਸ਼ਾਟ ਸਾਂਝਾ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲੋਕਾਂ ਨੇ ਕਾਫੀ ਇਤਰਾਜ਼ ਜਤਾਇਆ ਸੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਦੇਖਿਆ ਕਿ ਇਸ ਗਰੁੱਪ ਦਾ ਇਸਤੇਮਾਲ ਇਸ 'ਚ ਸ਼ਾਮਲ ਮੁੰਡੇ ਛੇੜਛਾੜ ਕੀਤੀਆਂ ਤਸਵੀਰਾਂ ਅਤੇ ਅਸ਼ਲੀਲ ਸੰਦੇਸ਼ ਸਾਂਝਾ ਕਰਨ ਲਈ ਕਰ ਰਹੇ ਹਨ। ਇਸ ਸਬੰਧੀ ਆਈ.ਟੀ. ਐਕਟ ਅਤੇ ਭਾਰਤੀ ਸਜ਼ਾ ਜ਼ਾਬਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਇੰਸਟਾਗ੍ਰਾਮ ਗਰੁੱਪ ਦੇ ਐਡਮਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਇਸ ਮਾਮਲੇ ਵਿਚ ਇਕ ਮੁੰਡੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 


Tanu

Content Editor

Related News