ਭਾਰਤ 'ਚ ਚੀਨੀ ਉਤਪਾਦਾਂ ਦੇ ਬਾਈਕਾਟ ਦਾ ਜ਼ੋਰ ਫੜਦੀ ਮੰਗ ਕਾਰਨ ਚੀਨ 'ਚ ਵੱਜੀ ਖ਼ਤਰੇ ਦੀ ਘੰਟੀ

06/18/2020 1:30:50 PM

ਨਵੀਂ ਦਿੱਲੀ— ਪੂਰਬੀ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨ ਦੀ ਘੁਸਪੈਠ ਅਤੇ ਭਾਰਤੀ ਫ਼ੌਜੀਆਂ ਨਾਲ ਸੰਘਰਸ਼ ਤੋਂ ਬਾਅਦ ਭਾਰਤ 'ਚ ਆਯਾਤ ਉਤਪਾਦਾਂ ਦੇ ਬਾਈਕਾਟ ਦੀ ਆਵਾਜ਼ ਬੁਲੰਦ ਹੋਣ ਨਾਲ ਚੀਨ ਦੇ ਹੱਥ-ਪੈਰ ਫੂਲਣ ਲੱਗੇ ਹਨ। ਦਰਅਸਲ 15-16 ਜੂਨ ਨੂੰ ਗਲਵਾਨ ਘਾਟੀ ਵਿਚ ਰਾਤ ਹੋਏ ਸੰਘਰਸ਼ ਵਿਚ ਇਕ ਕਰਨਲ ਸਮੇਤ 20 ਭਾਰਤੀ ਫ਼ੌਜੀ ਸ਼ਹੀਦ ਹੋਏ ਹਨ। ਚੀਨ ਵੱਲੋਂ ਵੀ ਵੱਡੀ ਗਿਣਤੀ 'ਚ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਹਾਲਾਂਕਿ ਚੀਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਵਿਚ ਚੀਨ ਦੇ ਉਤਪਾਦਾਂ ਦੇ ਬਾਈਕਾਟ ਦੀ ਮੰਗ ਉਠ ਰਹੀ ਹੈ। ਬੁੱਧਵਾਰ ਨੂੰ ਚੀਨ ਵਿਰੁੱਧ ਪੂਰੇ ਦੇਸ਼ ਵਿਚ ਥਾਂ-ਥਾਂ ਵਿਰੋਧ ਪ੍ਰਦਰਸ਼ਨ ਹੋਏ ਅਤੇ ਚੀਨੀ ਸਾਮਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਇਕ ਟਵੀਟ ਕਰ ਕੇ ਕਿਹਾ ਕਿ ਸਰਹੱਦ ਸੰਘਰਸ਼ ਤੋਂ ਬਾਅਦ ਭਾਰਤ ਵਿਚ ਚੀਨ ਦਾ ਬਾਈਕਾਟ ਕਰਨ ਦੀ ਆਵਾਜ਼ ਬੁਲੰਦ ਹੋਈ ਹੈ। ਸਰਹੱਦ ਮਾਮਲੇ 'ਤੇ ਨਿਵੇਸ਼ ਅਤੇ ਕਾਰੋਬਾਰ ਨੂੰ ਬਿਨਾਂ ਸੋਚ-ਵਿਚਾਰ ਦੇ ਜੋੜਨਾ ਤਰਕਸ਼ੀਲ ਨਹੀਂ ਹੈ। 

ਇਕ ਹੋਰ ਟਵੀਟ 'ਚ ਮਾਹਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਜੇਕਰ ਆਪਸੀ ਸੰਬੰਧ ਆਮ ਨਹੀਂ ਹੋਏ ਤਾਂ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਸਥਿਤੀ ਸਪੱਸ਼ਟ ਨਹੀਂ ਹੋਈ ਤਾਂ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਕਾਰੋਬਾਰ ਨੂੰ 20 ਫੀਸਦੀ ਦਾ ਝਟਕਾ ਲੱਗ ਸਕਦਾ ਹੈ। ਭਾਰਤ-ਚੀਨ ਕਾਰੋਬਾਰ ਦੇ ਅੰਕੜਿਆਂ ਮੁਤਾਬਕ 2018-19 ਵਿਚ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਕਾਰੋਬਾਰ ਕਰੀਬ 88 ਅਰਬ ਡਾਲਰ ਰਿਹਾ ਸੀ। ਭਾਰਤ ਦਾ ਕਾਰੋਬਾਰ ਘਾਟਾ ਕਰੀਬ 52 ਅਰਬ ਡਾਲਰ ਰਿਹਾ। 

ਪਿਛਲੇ ਕਈ ਸਾਲਾਂ ਤੋਂ ਚੀਨ ਨਾਲ ਲਗਾਤਾਰ ਵੱਧਦਾ ਹੋਇਆ ਕਾਰੋਬਾਰ ਘਾਟਾ ਭਾਰਤ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਚੀਨ ਦੇ ਬਜ਼ਾਰ ਤੱਕ ਹਾਲਾਂਕਿ ਭਾਰਤ ਦੀ ਵੱਧ ਪਹੁੰਚ ਅਤੇ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਮੌਜੂਦਾ ਕਾਰੋਬਾਰ ਯੁੱਧ ਕਾਰਨ ਪਿਛਲੇ ਸਾਲ ਭਾਰਤ ਤੋਂ ਚੀਨ ਨੂੰ ਨਿਰਯਾਤ ਵਧਾ ਕੇ 18 ਅਰਬ ਡਾਲਰ 'ਤੇ ਪਹੁੰਚ ਗਿਆ, ਜੋ ਸਾਲ 2017-18 'ਚ 13 ਅਰਬ ਡਾਲਰ ਸੀ। ਇਸ ਦੌਰਾਨ ਚੀਨ ਤੋਂ ਭਾਰਤ ਦਾ ਆਯਾਤ ਵੀ 76 ਅਰਬ ਡਾਲਰ ਤੋਂ ਘੱਟ ਹੋ ਕੇ 70 ਅਰਬ ਡਾਲਰ ਰਹਿ ਗਿਆ। 
 

Tanu

This news is Content Editor Tanu