ਬੰਬ ਦੀ ਧਮਕੀ: ਮਾਸਕੋ ਤੋਂ ਆ ਰਿਹਾ ਜਹਾਜ਼ ਜਾਮਨਗਰ ''ਚ ਰੁਕਿਆ, 15 ਘੰਟੇ ਬਾਅਦ ਪੁੱਜਿਆ ਗੋਆ

01/10/2023 5:19:36 PM

ਜਾਮਨਗਰ/ਪਣਜੀ- ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ 'ਚ ਉਤਰਨ ਵਾਲਾ ਏਅਰਲਾਈਨ 'ਅਜ਼ੂਰ ਏਅਰ' ਦਾ ਜਹਾਜ਼ ਮੰਗਲਵਾਰ ਦੁਪਹਿਰ ਗੋਆ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ ਬੰਬ ਹੋਣ ਦੀ ਧਮਕੀ ਮਿਲਣ ਮਗਰੋਂ ਉਸ ਨੂੰ ਸੋਮਵਾਰ ਰਾਤ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਉਤਾਰਿਆ ਗਿਆ ਸੀ। ਇਸ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਗਾਰਡ ਅਤੇ ਸਥਾਨਕ ਪੁਲਸ ਟੀਮਾਂ ਨੇ ਜਹਾਜ਼ ਦੀ ਤਲਾਸ਼ੀ ਲਈ, ਜਿਸ ਵਿਚ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। 

ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ 'ਤੇ 15 ਘੰਟੇ ਤੱਕ ਰੁਕਣ ਮਗਰੋਂ ਜਹਾਜ਼ ਨੇ ਅੱਜ ਦੁਪਹਿਰ 1 ਵਜ ਕੇ 20 ਮਿੰਟ 'ਤੇ ਜਾਮਨਗਰ ਹਵਾਈ ਅੱਡੇ ਤੋਂ ਉਡਾਣ ਭਰੀ। ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੁਪਹਿਰ 2 ਵਜ ਕੇ 39 ਮਿੰਟ 'ਤੇ ਗੋਆ ਦੇ ਡਾਬੋਲਿਮ ਹਵਾਈ ਅੱਡੇ 'ਤੇ ਉਤਰਿਆ। 

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 236 ਯਾਤਰੀ ਅਤੇ ਚਾਲਕ ਦਲ ਦੇ 8 ਮੈਂਬਰ ਸਵਾਰ ਸਨ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੋਮਵਾਰ ਰਾਤ 9.49 ਵਜੇ ਜਹਾਜ਼ ਨੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਨੇ ਹਵਾਈ ਅੱਡੇ ਦੇ ਲਾਉਂਜ ਵਿਚ ਰਾਤ ਬਿਤਾਈ।

Tanu

This news is Content Editor Tanu