ਉੱਤਰ ਪ੍ਰਦੇਸ਼ : ਕੈਮੀਕਲ ਫੈਕਟਰੀ ''ਚ ਬੁਆਇਲਰ ਫਟਿਆ, 8 ਮਜ਼ਦੂਰ ਜਿਊਂਦੇ ਸੜੇ

06/04/2022 5:52:03 PM

ਹਾਪੁੜ (ਵਾਰਤਾ)- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਧੌਲਾਨਾ ਖੇਤਰ ਸਥਿਤ ਇਕ ਕੈਮੀਕਲ ਫੈਕਟਰੀ 'ਚ ਬੁਆਇਲਰ ਫਟਣ ਨਾਲ 8 ਮਜ਼ਦੂਰਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ, ਜਦੋਂ ਕਿ 12 ਤੋਂ ਵੱਧ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਤੋਂ ਮਿਲੀ ਸੂਚਨਾ ਦੇ ਅਨੁਸਾਰ ਹਾਪੁੜ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 22 ਕਿਲੋਮੀਟਰ ਦੂਰ ਧੌਲਾਨਾ ਖੇਤਰ 'ਚ ਯੂ.ਪੀ.ਆਈ.ਡੀ. ਦੀ ਰੂਹੀ ਕੈਮੀਕਲ ਫੈਕਟਰੀ 'ਚ ਇਹ ਹਾਦਸਾ ਸ਼ਨੀਵਾਰ ਕਰੀਬ ਸਵਾ 3 ਵਜੇ ਵਾਪਰਿਆ, ਜਦੋਂ ਫੈਕਟਰੀ ਦਾ ਬੁਆਇਲਰ ਤੇਜ਼ ਧਮਾਕੇ ਨਾਲ ਫਟ ਗਿਆ ਅਤੇ ਚਾਰੇ ਪਾਸੇ ਅੱਗ ਫੈਲ ਗਈ।

ਕੁਝ ਹੀ ਦੇਰ 'ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫੈਕਟਰੀ 'ਚ ਕੰਮ ਕਰਨ ਵਾਲੇ ਕਰੀਬ 2 ਦਰਜਨ ਮਜ਼ਦੂਰ ਫਸ ਗਏ। ਜਦੋਂ ਤੱਕ ਅੱਗ ਬੁਝਾਉਣ ਦਾ ਕੰਮ ਸ਼ੁਰੂ ਹੁੰਦਾ, ਅੰਦਰ ਫਸੇ 8 ਮਜ਼ਦੂਰਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ, ਜਦੋਂ ਕਿ ਇਕ ਦਰਜਨ ਤੋਂ ਜ਼ਿਆਦਾ ਬੁਰੀ ਤਰ੍ਹਾਂ ਝੁਲਸ ਗਏ। ਜਲਣਸ਼ੀਲ ਕੈਮੀਕਲ ਦੇ ਅੱਗ ਫੜਨ ਨਾਲ ਅੱਗ ਕਾਫ਼ੀ ਬੇਕਾਬੂ ਹੋ ਗਈ। ਨੇੜੇ-ਤੇੜੇ ਦੇ ਜ਼ਿਲ੍ਹਿਆਂ ਤੋਂ ਕਈ ਅੱਗ ਬੁਝਾਊ ਗੱਡੀਆਂ ਬੁਲਾਉਣੀਆਂ ਪਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ਨੂੰ ਲੈ ਕੇ ਡੂੰਘਾ ਸੋਗ ਜ਼ਾਹਰ ਕੀਤਾ ਹੈ। 


DIsha

Content Editor

Related News