ਬੰਬ ਧਮਾਕੇ ਨਾਲ ਦਹਿਲਿਆ ਕੈਨੇਡਾ, ਭਾਰਤ ਨੇ ਐਮਰਜੈਂਸੀ ਨੰਬਰ ਕੀਤਾ ਜਾਰੀ

05/25/2018 1:07:06 PM

ਨਵੀਂ ਦਿੱਲੀ/ ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਇਕ ਭਾਰਤੀ ਰੈਸਟੋਰੈਂਟ 'ਚ ਸਥਾਨਕ ਸਮੇਂ ਮੁਤਾਬਕ ਵੀਰਵਾਰ ਰਾਤ ਨੂੰ ਬੰਬ ਧਮਾਕਾ ਹੋਇਆ। ਓਨਟਾਰੀਓ ਦੇ ਸ਼ਹਿਰ ਮਿਸੀਸਾਗਾ 'ਚ ਬਾਂਬੇ ਬੇਲ ਰੈਸਟੋਰੈਂਟ 'ਚ ਇਹ ਧਮਾਕਾ ਹੋਇਆ ਅਤੇ ਇਸ ਕਾਰਨ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਖਬਰ ਨਾਲ ਕੈਨੇਡਾ ਦਹਿਲ ਗਿਆ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਸਰਕਾਰ ਕੈਨੇਡਾ 'ਚ ਆਪਣੇ ਕੌਂਸਲ ਜਨਰਲ ਅਤੇ ਭਾਰਤੀ ਹਾਈ ਕਮਿਸ਼ਨਰ ਨਾਲ ਸੰਪਰਕ 'ਚ ਹੈ। ਪੀੜਤ ਲੋਕਾਂ ਦੀ ਮਦਦ ਲਈ ਹਰ ਸੰਭਵ ਕਦਮ ਉਠਾਇਆ ਜਾ ਰਿਹਾ ਹੈ। ਉਨ੍ਹਾਂ ਨੇ ਐਮਰਜੈਂਸੀ ਨੰਬਰ +1-647-668-4108 ਵੀ ਜਾਰੀ ਕੀਤਾ ਹੈ।


ਜ਼ਿਕਰਯੋਗ ਹੈ ਕਿ ਧਮਾਕਾ ਰਾਤ 10.30 ਵਜੇ ਹੋਇਆ। ਜਾਣਕਾਰੀ ਮੁਤਾਬਕ ਦੋ ਸ਼ੱਕੀ ਵਿਅਕਤੀ ਰੈਸਟੋਰੈਂਟ 'ਚ ਧਮਾਕਾਖੇਜ਼ ਪਦਾਰਥ ਲੈ ਕੇ ਦਾਖਲ ਹੋਏ ਅਤੇ ਉਨ੍ਹਾਂ ਨੇ ਇੱਥੇ ਧਮਾਕਾ ਕੀਤਾ। ਰੈਸਟੋਰੈਂਟ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਸ਼ੱਕੀਆਂ ਦੀਆਂ ਤਸਵੀਰਾਂ ਕੈਦ ਹਨ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਇਹ ਦੋਵੇਂ ਸ਼ੱਕੀ ਧਮਾਕਾ ਕਰਨ ਮਗਰੋਂ ਫਰਾਰ ਹੋ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਦੀ ਭਾਲ ਜਾਰੀ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।