ਭਾਜਪਾ ਨੇਤਾ ਨੂੰ ਕੁਹਾੜੀ ਨਾਲ ਵੱਢਿਆ, ਕਨ੍ਹਈਆ ਲਾਲ ਦੇ ਕਤਲ ਦੇ ਵਿਰੋਧ ’ਚ ਸਾਂਝੀ ਕੀਤੀ ਸੀ ਪੋਸਟ

07/28/2022 10:03:51 AM

ਮੇਂਗਲੁਰੂ– ਮੇਂਗਲੁਰੂ ਵਿਚ ਮੋਟਰ ਸਾਈਕਲ ’ਤੇ ਆਏ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਦੇ ਇਕ ਸਥਾਨਕ ਯੁਵਾ ਅਹੁਦੇਦਾਰ 32 ਸਾਲਾ ਪ੍ਰਵੀਨ ਨੇਤਾਰੂ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਤਣਾਅ ਦਾ ਮਾਹੌਲ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਕਤਲ ਦੀ ਨਿੰਦਾ ਕਰਨ ਲਈ ਕੁਝ ਸ਼ਹਿਰਾਂ ਵਿਚ ਬੰਦ ਦਾ ਸੱਦਾ ਦਿੱਤਾ ਹੈ। ਦਰਅਸਲ ਪ੍ਰਵੀਨ ਨੇ 29 ਜੂਨ ਨੂੰ ਰਾਜਸਥਾਨ ’ਚ ਮਾਰੇ ਗਏ ਕਨ੍ਹਈਆ ਲਾਲ ਦੇ ਕਤਲ ਦੇ ਵਿਰੋਧ ’ਚ ਪੋਸਟ ਸਾਂਝੀ ਕੀਤੀ ਸੀ। ਪੁਲਸ ਇਸ ਐਂਗਲ ਨਾਲ ਵੀ ਜਾਂਚ ਕਰ ਰਹੀ ਹੈ। ਹੁਣ ਤੱਕ 10 ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਪੁਲਸ ਭਾਜਪਾ ਯੁਵਾ ਮੋਰਚਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਮੈਂਬਰ ਪ੍ਰਵੀਨ ਨੇਤਾਰੂ ਦੇ ਕਤਲ ਦਾ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਕਾਤਲ ਗੁਆਂਢੀ ਸੂਬੇ ਕੇਰਲ ਤੋਂ ਆਏ ਸਨ। ਪੁਲਸ ਨੇ ਦੱਸਿਆ ਕਿ ਦੱਖਣੀ ਕੰਨੜ ਜ਼ਿਲ੍ਹੇ ਦੇ ਬੇਲਾਰੇ ਦਾ ਰਹਿਣ ਵਾਲਾ ਪ੍ਰਵੀਣ ਨੇਤਾਰੂ ਮੰਗਲਵਾਰ ਦੇਰ ਸ਼ਾਮ ਨੂੰ ਆਪਣੀ  ਦੁਕਾਨ ‘ਅਕਸ਼ੈ ਪੋਲਟਰੀ ਫਾਰਮ’ ਬੰਦ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਉਸ ਨੇ ਬੱਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਿਰ ’ਤੇ ਵਾਰ ਕੀਤੇ ਜਾਣ ਕਾਰਨ ਉਹ ਜ਼ਮੀਨ ’ਤੇ ਡਿੱਗ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਘਟਨਾ ਵਾਲੀ ਜਗ੍ਹਾ ’ਤੇ ਪੁੱਜੀ ਅਤੇ ਖੂਨ ਨਾਲ ਲਹੂ-ਲੁਹਾਨ ਨੇਤਾਰੂ ਨੂੰ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਭਾਜਪਾ ਯੁਵਾ ਮੋਰਚਾ ਦੇ ਮੈਂਬਰ ਦੇ ਕਾਤਲਾਂ ਨੂੰ ਛੇਤੀ ਹੀ ਫੜਿਆ ਜਾਵੇਗਾ : ਬੋਮਈ

ਦੱਖਣ ਕੰਨੜ ਜ਼ਿਲ੍ਹੇ ਵਿਚ ਭਾਜਪਾ ਦੇ ਯੁਵਾ ਮੋਰਚਾ ਮੈਂਬਰ ਦੇ ਕਤਲ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਬੁੱਧਵਾਰ ਨੂੰ ਭਰੋਸਾ ਦਿੱਤਾ ਕਿ ਇਸ ਘਿਣੌਨੀ ਹਰਕਤ ਵਿਚ ਸ਼ਾਮਲ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇਗੀ।

ਪ੍ਰਵੀਨ ਦੇ ਕਤਲ ਦੇ ਪਿੱਛੇ ਪੀ. ਐੱਫ. ਆਈ . ਦਾ ਹੱਥ ਹੋ ਸਕਦਾ : ਭਾਜਪਾ

ਓਧਰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਦੇ ਯੁਵਾ ਵਰਕਰ ਪ੍ਰਵੀਨ ਨੇਤਾਰੂ ਦੇ ਕਤਲ ਲਈ ਪਾਪੁਲਰ ਫਰੰਟ ਆਫ਼ ਇੰਡੀਆ (ਪੀ. ਐੱਫ. ਆਈ.) ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਐੱਸ. ਡੀ. ਪੀ. ਆਈ.) ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਜੋਸ਼ੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮੁੱਢਲੀ ਰਿਪੋਰਟ ਵਿਚ ਅਤੇ ਕੁਝ ਸ਼ੁਰੂਆਤੀ ਮੀਡੀਆ ਰਿਪੋਰਟ ਐੱਸ. ਡੀ. ਪੀ. ਆਈ. ਅਤੇ ਪੀ. ਐੱਫ. ਆਈ. ਦੇ ਸੰਬੰਧ ਹੋਣ ਦਾ ਸੰਕੇਤ ਦਿੰਦੀ ਹੈ। ਕਾਂਗਰਸ ਉਨ੍ਹਾਂ ਨੂੰ ਕੇਰਲ ਅਤੇ ਕਰਨਾਟਕ ਵਿਚ ਉਤਸ਼ਾਹਿਤ ਕਰ ਰਹੀ ਹੈ। ਕਰਨਾਟਕ ਵਿਚ ਸਾਡੀ ਸਰਕਾਰ ਕਾਰਵਾਈ ਕਰੇਗੀ ਅਤੇ ਹਮਲਾਵਰਾਂ ਨੂੰ ਸਜ਼ਾ ਦੇਵੇਗੀ। 


Tanu

Content Editor

Related News