ਸੀਲਿੰਗ ਹੰਗਾਮਾ: ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਭਾਜਪਾ ਨੇਤਾ

01/30/2018 1:09:25 PM

ਨਵੀਂ ਦਿੱਲੀ— ਦਿੱਲੀ 'ਚ ਸੀਲਿੰਗ ਦੇ ਮੁੱਦੇ 'ਤੇ ਚਰਚਾ ਲਈ ਮੰਗਲਵਾਰ ਦੀ ਸਵੇਰ ਭਾਜਪਾ ਅਤੇ 'ਆਪ' ਦੇ ਨੇਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਮੀਟਿੰਗ ਕਰਨ ਪੁੱਜੇ ਸਨ। ਇੱਥੇ ਵਿਵਾਦ ਨਿਪਟਾਉਣ ਦੀ ਗੱਲਾਂ ਚੱਲ ਹੀ ਰਹੀਆਂ ਸਨ ਕਿ ਅਚਾਨਕ ਦੋਹਾਂ ਪੱਖਾਂ ਦਰਮਿਆਨ ਗੱਲ ਵਿਗੜ ਗਈ ਅਤੇ ਹੁਣ ਭਾਜਪਾ ਨੇਤਾਵਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ 'ਤੇ ਬੈਠਣ ਦੀ ਗੱਲ ਕਹੀ ਹੈ। ਇਹੀ ਨਹੀਂ ਮਨੋਜ ਤਿਵਾੜੀ ਦੀ ਅਗਵਾਈ 'ਚ ਭਾਜਪਾ ਦੇ ਨੇਤਾਵਾਂ ਨੇ 'ਆਪ' ਨੇਤਾਵਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਰਿਹਾਇਸ਼ 'ਚ ਸਾਡੇ ਨਾਲ ਬਦਸਲੂਕੀ ਕੀਤੀ ਗਈ ਹੈ। ਇਹੀ ਨਹੀਂ ਉਨ੍ਹਾਂ ਨੇ 'ਆਪ' ਨੇਤਾਵਾਂ 'ਤੇ ਬਦਸਲੂਕੀ ਅਤੇ ਧੱਕਾ ਮੁੱਕੀ ਦਾ ਦੋਸ਼ ਲਗਾਇਆ। ਇਨ੍ਹਾਂ ਨੇਤਾਵਾਂ 'ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਸਮੇਤ ਸੰਸਦ ਮੈਂਬਰ ਰਮੇਸ਼ ਬਿਥੂੜੀ, ਪ੍ਰਵੇਸ਼ ਵਰਮਾ ਅਤੇ ਵਿਧਾਇਕਾਂ ਸਮੇਤ 2 ਮੇਅਰ ਵੀ ਸ਼ਾਮਲ ਹਨ। ਮਨੋਜ ਤਿਵਾੜੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਗੱਲਬਾਤ ਲਈ ਭਾਰੀ ਭੀੜ ਬੁਲਾ ਲਈ ਅਤੇ ਉਹ ਗੱਲਬਾਤ ਨੂੰ ਲੈ ਕੇ ਗੰਭੀਰ ਨਹੀਂ ਹਨ। ਉੱਥੇ ਹੀ ਕੇਜਰੀਵਾਲ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਸ ਮਸਲੇ ਦਾ ਹੱਲ ਕੇਂਦਰ ਦੇ ਪ੍ਰਤੀਨਿਧੀ ਗਵਰਨਰ ਹੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ 4 ਫਾਈਲਾਂ ਹਨ, ਜਿਨ੍ਹਾਂ 'ਤੇ ਉਹ ਸਾਈਨ ਨਹੀਂ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਸ 'ਤੇ ਆਰਡੀਨੈਂਸ ਵੀ ਲਿਆ ਸਕਦੀ ਹੈ।
ਅਰਵਿੰਦ ਕੇਜਰੀਵਾਲ ਨੇ ਵਾਰਤਾ ਟੁੱਟਣ ਤੋਂ ਬਾਅਦ ਕਿਹਾ,''ਕੱਲ ਸਾਡੇ ਕੋਲ ਵਿਜੇਂਦਰ ਗੁਪਤਾ ਦੀ ਚਿੱਠੀ ਆਈ ਸੀ ਕਿ ਅਸੀਂ ਲੋਕ ਮਿਲਣਾ ਚਾਹੁੰਦੇ ਹਾਂ। ਮੈਨੂੰ ਬੇਹੱਦ ਖੁਸ਼ੀ ਹੋਈ ਕਿ ਅਸੀਂ ਇਸ ਮੌਕੇ ਗੱਲਬਾਤ ਕਰਾਂਗੇ ਅਤੇ ਆਪਣੇ-ਆਪਣੇ ਦਾਇਰੇ 'ਚ ਕਦਮ ਚੁੱਕਣ 'ਤੇ ਸਹਿਮਤੀ ਬਣੇਗੀ। ਜੇਕਰ ਦੋਵੇਂ ਪਾਰਟੀਆਂ ਸਹੀ ਨਾਲ ਗੱਲ ਕਰ ਲੈਂਦੀਆਂ ਤਾਂ ਇਹ ਮਿਸਾਲ ਬਣ ਜਾਂਦੀ। ਮੈਨੂੰ ਦੁਖ ਹੈ ਕਿ ਉਹ ਲੋਕ ਚੱਲੇ ਗਏ। ਉਹ ਇਕੱਲੇ ਗੱਲ ਕਰਨਾ ਚਾਹੁੰਦੇ ਸਨ। ਖੁੱਲ੍ਹੇ 'ਚ ਗੱਲ ਕਰਨ ਦੀ ਅਪੀਲ ਨੂੰ ਉਨ੍ਹਾਂ ਨੇ ਨਹੀਂ ਸੁਣਿਆ।'' ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਇਸ ਹਫਤੇ ਤੱਕ ਐੱਲ.ਜੀ ਐਕਸ਼ਨ ਨਹੀਂ ਲੈਂਦੇ ਤਾਂ ਅਸੀਂ ਅਸਥਾਈ ਰੋਕ ਲਈ ਸੁਪਰੀਮ ਕੋਰਟ ਤੱਕ ਜਾਵਾਂਗੇ।
ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ,''ਅਸੀਂ ਹੰਗਾਮਾ ਨਹੀਂ ਚਾਹੁੰਦੇ ਸੀ। ਇਸ ਲਈ ਅਸੀਂ 20 ਲੋਕਾਂ ਦਾ ਨਾਂ ਦਿੱਤਾ ਸੀ ਕਿ ਅਸੀਂ ਮਿਲਣਾ ਚਾਹੁੰਦੇ ਹਾਂ। ਅਸੀਂ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਵਿਧਾਇਕ ਉੱਠ ਕੇ ਕਹਿਣ ਲੱਗੇ ਕਿ ਤੁਸੀਂ ਇੱਥੇ ਭਾਸ਼ਣ ਨਾ ਦਿਓ। ਅਰਵਿੰਦ ਕੇਜਰੀਵਾਲ ਨੂੰ 150 ਲੋਕਾਂ ਨੂੰ ਬੁਲਾਉਣ ਦੀ ਕੀ ਲੋੜ ਸੀ। ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਦਾ 'ਆਪ' ਨੇ ਅਪਮਾਨ ਕੀਤਾ ਹੈ।''
2006 'ਚ ਸ਼ੀਲਾ ਦੀਕਸ਼ਤ ਸਰਕਾਰ ਦੇ ਕਾਰਜਕਾਲ 'ਚ ਦਿੱਲੀ 'ਚ ਸੀਲਿੰਗ ਸ਼ੁਰੂ ਹੋਈ ਸੀ। ਇਸ ਦੇ ਅਧੀਨ ਮਾਸਟਰ ਪਲਾਨ 2021 ਲਈ ਰਿਹਾਇਸ਼ੀ ਇਲਾਕਿਆਂ 'ਚ ਕਮਰਸ਼ੀਅਲ (ਵਪਾਰਕ) ਗਤੀਵਿਧੀਆਂ 'ਤੇ ਰੋਕ ਦੀ ਵਿਵਸਥਾ ਹੈ। ਇਸ 'ਚ ਕਨਵਰਜਨ (ਪਰਿਵਰਤਨ) ਦਾ ਵੀ ਪ੍ਰਸਤਾਵ ਸੀ, ਜਿਸ ਦੇ ਅਧੀਨ ਅਜਿਹੀਆਂ ਥਾਂਵਾਂ ਲਈ ਕਨਵਰਜਨ ਫੀਸ ਜਮ੍ਹਾ ਕਰਵਾ ਕੇ ਲੈਂਡ ਯੂਜ ਬਦਲਵਾਇਆ ਜਾ ਸਕਦਾ ਹੈ। ਇਸ 'ਤੇ ਕਾਰੋਬਾਰੀਆਂ ਦਾ ਵਿਰੋਧ ਹੈ ਕਿ ਉਨ੍ਹਾਂ ਦੀਆਂ ਜਮੀਆਂ ਹੋਈਆਂ ਦੁਕਾਨਾਂ ਖਤਮ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਕਨਵਰਜਨ ਚਾਰਜ ਵਧ ਹੋਣ ਨੂੰ ਲੈ ਕੇ ਵੀ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ।