ਭਾਜਪਾ ਅਤੇ ਅਪਣਾ ਦਲ ਦਰਮਿਆਨ ਲੋਕ ਸਭਾ ਚੋਣਾਂ ਮਿਲ ਕੇ ਲੜਨ ''ਤੇ ਬਣੀ ਸਹਿਮਤੀ

03/15/2019 5:58:07 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਭਾਜਪਾ ਅਤੇ ਅਪਣਾ ਦਲ ਦਰਮਿਆਨ ਕੁਝ ਸਮੇਂ ਤੋਂ ਚੱਲ ਰਹੇ ਸਿਆਸੀ ਖਿੱਚੋਤਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਹਾਂ ਦਲਾਂ ਨੇ ਫਿਰ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ। ਇਸ ਦੇ ਅਧੀਨ ਅਪਣਾ ਦਲ 2 ਸੀਟਾਂ 'ਤੇ ਚੋਣਾਂ ਲੜੇਗਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇੱਥੇ ਅਪਣਾ ਦਲ (ਐੱਸ) ਦੀ ਨੇਤਾ ਅਨੁਪ੍ਰਿਆ ਪਟੇਲ ਅਤੇ ਹੋਰ ਨੇਤਾਵਾਂ ਦੀ ਬੈਠਕ 'ਚ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਗਿਆ। ਅਮਿਤ ਸ਼ਾਹ ਨੇ ਆਪਣੇ ਟਵੀਟ 'ਚ ਕਿਹਾ,''ਫਿਰ ਇਕ ਵਾਰ ਮੋਦੀ ਸਰਕਾਰ ਦੇ ਸੰਕਲਪ ਨਾਲ ਭਾਜਪਾ-ਅਪਣਾ ਦਲ ਗਠਜੋੜ ਉੱਤਰ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਨਾਲ-ਨਾਲ ਲੜੇਗਾ।''

ਭਾਜਪਾ ਪ੍ਰਧਾਨ ਨੇ ਕਿਹਾ ਕਿ ਅਪਣਾ ਦਲ ਪ੍ਰਦੇਸ਼ ਦੀਆਂ 2 ਸੀਟਾਂ 'ਤੇ ਚੋਣਾਂ ਲੜੇਗਾ, ਜਿਸ 'ਚ ਅਨੁਪ੍ਰਿਆ ਪਟੇਲ ਮਿਰਜਾਪੁਰ ਤੋਂ ਚੋਣਾਂ ਲੜੇਗੀ ਅਤੇ ਦੂਜੀ ਸੀਟ 'ਤੇ ਦੋਹਾਂ ਦਲਾਂ ਦੇ ਨੇਤਾ ਬੈਠ ਕੇ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਵੀ ਅਪਣਾ ਦਲ ਅਤੇ ਭਾਜਪਾ ਦਰਮਿਆਨ ਉੱਤਰ ਪ੍ਰਦੇਸ਼ 'ਚ ਸਮਝੌਤਾ ਹੋਇਆ ਸੀ। ਅਨੁਪ੍ਰਿਆ ਪਟੇਲ ਦੀ ਪਾਰਟੀ ਨੂੰ 2014 ਦੀਆਂ ਆਮ ਚੋਣਾਂ 'ਚ ਲੋਕ ਸਭਾ ਦੀਆਂ 2 ਸੀਟਾਂ 'ਤੇ ਜਿੱਤ ਮਿਲੀ ਸੀ। ਇਨ੍ਹਾਂ 'ਚ ਮਿਰਜਾਪੁਰ ਦੀ ਸੀਟ ਤੋਂ ਅਨੁਪ੍ਰਿਆ ਪਟੇਲ ਅਤੇ ਪ੍ਰਤਾਪਗੜ੍ਹ ਲੋਕ ਸਭਾ ਸੀਟ ਤੋਂ ਪਾਰਟੀ ਨੇਤਾ ਕੁੰਵਰ ਹਰਿਵੰਸ਼ ਸਿੰਘ ਚੋਣਾਂ ਜਿੱਤੇ ਸਨ। ਚੋਣਾਂ ਜਿੱਤਣ ਤੋਂ ਬਾਅਦ ਅਨੁਪ੍ਰਿਆ ਨੂੰ ਕੇਂਦਰ 'ਚ ਸਿਹਤ ਅੇ ਪਰਿਵਾਰ ਕਲਿਆਣ ਵਿਭਾਗ ਦਾ ਰਾਜ ਮੰਤਰੀ ਵੀ ਬਣਾਇਆ ਗਿਆ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਹਾਂ ਦਲਾਂ ਦਰਮਿਆਨ ਰਿਸ਼ਤੇ ਤਲਖ ਹੋਣ ਦੀ ਖਬਰਾਂ ਆ ਰਹੀਆਂ ਸਨ।


DIsha

Content Editor

Related News