ਪਾਕਿਸਤਾਨ ਅੱਤਵਾਦੀ ਭੇਜ ਰਿਹੈ, ਸਰਹੱਦ 'ਤੇ ਫੌਜ ਅਲਰਟ : ਫੌਜ ਮੁਖੀ

09/23/2019 11:03:06 AM

ਚੇਨਈ— ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬਾਲਾਕੋਟ 'ਚ ਅੱਤਵਾਦੀ ਫਿਰ ਸਰਗਰਮ ਹੋ ਗਏ ਹਨ। ਚੇਨਈ 'ਚ ਇਕ ਪ੍ਰੋਗਰਾਮ 'ਚ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨੇ ਏਅਰਸਟਰਾਈਕ ਦੌਰਾਨ ਬਾਲਾਕੋਟ 'ਚ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ ਪਰ ਪਿਛਲੇ 8 ਮਹੀਨਿਆਂ 'ਚ ਪਾਕਿਸਤਾਨ ਨੇ ਇਸ ਜਗ੍ਹਾ ਫਿਰ ਤੋਂ ਅੱਤਵਾਦੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਭਾਰਤ ਨੇ ਪਾਕਿਸਤਾਨ ਸਥਿਤ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ ਟਿਕਾਣਿਆਂ 'ਤੇ ਏਅਰਸਟਰਾਈਕ ਕੀਤੀ ਸੀ। ਇਸ ਸਟਰਾਈਕ 'ਚ ਜੈਸ਼ ਦੇ ਟਰੇਨਿੰਗ ਕੈਂਪ ਨਸ਼ਟ ਕਰ ਦਿੱਤੇ ਗਏ ਸਨ।

ਏਅਰਸਟਰਾਈਕ ਹੀ ਕਿਉਂ ਰਿਪੀਟ ਕਰਾਂਗੇ, ਇਸ ਤੋਂ ਅੱਗੇ ਕਿਉਂ ਨਹੀਂ
ਬਿਪਿਨ ਤੋਂ ਜਦੋਂ ਪੁੱਛਿਆ ਗਿਆ ਹੈ ਕਿ ਇਸ ਵਾਰ ਕੀ ਭਾਰਤੀ ਫੌਜ ਏਅਰਸਟਰਾਈਕ ਕਰੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਏਅਰਸਟਰਾਈਕ ਨੂੰ ਹੀ ਰਿਪੀਟ ਕਿਉਂ ਕਰਾਂਗੇ, ਇਸ ਤੋਂ ਅੱਗੇ ਕਿਉਂ ਨਹੀਂ ਜਾ ਸਕਦੇ। ਬਿਪਿਨ ਨੇ ਕਿਹਾ ਕਿ ਫੌਜ ਨੇ ਸਰਹੱਦ 'ਤੇ ਪੂਰੀ ਤਿਆਰੀ ਕੀਤੀ ਹੈ ਅਤੇ ਕੰਟਰੋਲ ਰੇਖਾ 'ਤੇ ਹੋਰ ਵੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਮੁਖੀ ਨੇ ਸਰਹੱਦ 'ਤੇ ਜਾਰੀ ਤਣਾਅ 'ਤੇ ਵੀ ਬਿਆਨ ਦਿੱਤਾ ਹੈ। ਬਿਪਿਨ ਨੇ ਕਿਹਾ ਕਿ ਸਾਡੀ ਉੱਤਰ ਅਤੇ ਪੱਛਮ ਦੀਆਂ ਸਰਹੱਦਾਂ 'ਤੇ ਤਣਾਅ ਹੈ। ਸਾਡੇ ਗੁਆਂਢੀਆਂ ਨਾਲ ਸੰਬੰਧ ਸਹੀ ਨਹੀਂ ਹਨ। ਅਜਿਹੇ 'ਚ ਸਾਨੂੰ ਫੌਜ ਦੀ ਅਗਵਾਈ ਕਰਨ 'ਚ ਸਮਰੱਥ ਲੀਡਰਜ਼ ਦੀ ਜ਼ਰੂਰਤ ਹੈ। ਫੌਜ ਮੁਖੀ ਨੇ ਪਾਕਿਸਤਾਨ ਅਤੇ ਚੀਨ ਦਾ ਨਾਂ ਲਏ ਬਿਨਾਂ ਦੋਹਾਂ ਦੇਸ਼ਾਂ 'ਤੇ ਨਿਸ਼ਾਨਾ ਸਾਧਿਆ। ਅਸੀਂ ਅੱਤਵਾਦ ਦਾ ਮੂੰਹ ਤੋੜ ਜਵਾਬ ਦੇਵਾਂਗੇ।

ਪੱਛਮੀ ਗੁਆਂਢੀ ਰਾਜ ਅੱਤਵਾਦ ਵਧਾ ਰਿਹਾ ਹੈ
ਫੌਜ ਮੁਖੀ ਜਨਰਲ ਬਿਪਿਨ ਨੇ ਕਿਹਾ ਕਿ ਯੁੱਧ 'ਚ ਕੋਈ ਰਨਰ ਅੱਪ ਨਹੀਂ ਹੁੰਦਾ ਹੈ। ਸਿਰਫ਼ ਜਿੱਤ ਹੁੰਦੀ ਹੈ, ਸਾਨੂੰ ਫੌਜ 'ਚ ਅਜਿਹੇ ਲੀਡਰਜ਼ ਦੀ ਜ਼ਰੂਰਤ ਹੈ, ਜੋ ਕਹਿੰਦੇ ਹਨ ਕਿ ਮੈਨੂੰ ਫੋਲੋਅ ਕਰੋ ਪਰ ਹੁਣ ਅੱਗੇ ਵਧੋ। ਉਨ੍ਹਾਂ ਨੇ ਕਿਹਾ ਕਿ ਭਵਿੱਖ 'ਚ ਸਾਈਬਰ ਯੁੱਧ ਹੋਵੇਗਾ ਅਤੇ ਸਾਨੂੰ ਅਜਿਹੇ ਲੀਡਰਜ਼ ਦੀ ਜ਼ਰੂਰਤ ਹੈ ਜੋ ਇਸ 'ਤੇ ਫੈਸਲਾ ਲੈ ਸਕਣ। ਬਿਪਿਨ ਨੇ ਕਿਹਾ ਕਿ ਹਰ ਦੇਸ਼ ਨੂੰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਹੋਵੇਗਾ। ਸਾਡੇ ਕੋਲ ਉੱਤਰੀ ਅਤੇ ਪੱਛਮੀ ਮੋਰਚੇ 'ਤੇ ਸਰਹੱਦਾਂ ਹਨ। ਸਾਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਕੋਈ ਘੁਸਪੈਠ ਨਾ ਹੋਵੇ। ਸਾਡਾ ਪੱਛਮੀ ਗੁਆਂਢੀ ਰਾਜ ਅੱਤਵਾਦ ਨੂੰ ਵਧਾ ਰਿਹਾ ਹੈ ਅਤੇ ਜੰਮੂ-ਕਸ਼ਮੀਰ 'ਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪਾਕਿਸਤਾਨ ਭੇਜ ਰਿਹੈ ਅੱਤਵਾਦੀ
ਬਿਪਿਨ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਜੰਗਬੰਦੀ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਭੇਜ ਰਿਹਾ ਹੈ। ਸਾਡੀ ਫੌਜ ਸਰਹੱਦ 'ਤੇ ਅਲਰਟ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਹਾਲਾਤ ਆਮ ਹਨ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਕੇ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

DIsha

This news is Content Editor DIsha