ਲੱਦਾਖ ''ਚ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਸੰਬੰਧੀ ਬਿੱਲ ਲੋਕ ਸਭਾ ''ਚ ਪੇਸ਼

08/05/2021 5:05:12 PM

ਨਵੀਂ ਦਿੱਲੀ- ਲੋਕ ਸਭਾ 'ਚ ਵੀਰਵਾਰ ਨੂੰ ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ 2021 ਪੇਸ਼ ਕੀਤਾ ਗਿਆ, ਜਿਸ 'ਚ ਸੰਘ ਰਾਜ ਖੇਤਰ ਲੱਦਾਖ 'ਚ ਇਕ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਲੱਦਾਖ 'ਚ ਪ੍ਰਸਤਾਵਿਤ ਕੇਂਦਰੀ ਯੂਨੀਵਰਸਿਟੀ ਦਾ ਨਾਮ 'ਸਿੰਧੂ ਕੇਂਦਰੀ ਯੂਨੀਵਰਸਿਟੀ' ਰੱਖਣ ਦੀ ਵਿਵਸਥਾ ਇਸ 'ਚ ਕੀਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸਦਨ 'ਚ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਰੌਲੇ ਦਰਮਿਆਨ 'ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ, 2021 ਪੇਸ਼ ਕੀਤਾ। ਇਸ ਦੌਰਾਨ ਰਿਵਾਲਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐੱਸ.ਪੀ.) ਦੇ ਮੈਂਬਰ ਐੱਨ.ਕੇ. ਪ੍ਰੇਮਚੰਦਰਨ ਅਤੇ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹੰਗਾਮੇ ਦਰਮਿਆਨ ਬਿੱਲ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ। ਪ੍ਰੇਮਚੰਦਰਨ ਨੇ ਕਿਹਾ ਕਿ ਸਦਨ 'ਚ ਵਿਵਸਥਾ ਬਣਨ 'ਤੇ ਹੀ ਬਿੱਲ ਪੇਸ਼ ਹੋਣਾ ਚਾਹੀਦਾ।

ਤਿਵਾੜੀ ਨੇ ਕਿਹਾ ਕਿ ਸਦਨ 'ਚ ਅਵਿਵਸਥਾ ਦਰਮਿਆਨ ਬਿੱਲ ਪੇਸ਼ ਕੀਤਾ ਜਾਣਾ 'ਗੈਰ-ਸੰਵਿਧਾਨਕ' ਹੈ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਦਿਨੀਂ ਲੱਦਾਖ 'ਚ ਇਕ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ, ਜਿਸ 'ਤੇ 750 ਕਰੋੜ ਰੁਪਏ ਲਾਗਤ ਆਉਣ ਦੀ ਗੱਲ ਕਹੀ ਗਈ ਸੀ। ਇਸ ਯੂਨੀਵਰਸਿਟੀ ਦਾ ਪਹਿਲਾ ਪੜਾਅ 4 ਸਾਲਾਂ 'ਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਬਿੱਲ ਦੇ ਉਦੇਸ਼ਾਂ ਅਤੇ ਕਾਰਨਾਂ 'ਚ ਕਿਹਾ ਗਿਆ ਹੈ ਕਿ 'ਕੇਂਦਰੀ ਯੂਨੀਵਰਸਿਟੀ ਐਕਟ, 2009' ਵੱਖ-ਵੱਖ ਸੂਬਿਆਂ 'ਚ ਸਿੱਖਿਆ ਅਤੇ ਖੋਜ ਲਈ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਅਤੇ ਉਨ੍ਹਾਂ ਨੂੰ ਨਿਯਮਿਤ ਕਰਨ, ਉਸ ਨਾਲ ਸੰਬੰਧਤ ਵਿਸ਼ਿਆਂ ਨੂੰ ਲਾਗੂ ਕਰਨ ਦੀ ਵਿਵਸਥਾ ਕਰਨ ਲਈ ਬਣਾਇਆ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਲੱਦਾਖ ਸੰਘ ਰਾਜ ਖੇਤਰ 'ਚ ਕੋਈ ਕੇਂਦਰੀ ਯੂਨੀਵਰਸਿਟੀ ਨਹੀਂ ਹੈ, ਇਸ ਲਈ ਸਰਕਾਰ ਨੇ ਲੱਦਾਖ ਸੰਘ ਰਾਜ ਖੇਤਰ 'ਚ ਇਕ ਨਵੀਂ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਬਿੱਲ ਦੇ ਉਦੇਸ਼ਾਂ 'ਚ ਕਿਹਾ ਗਿਆ ਹੈ ਕਿ ਇਸ ਨਾਲ ਖੇਤਰ 'ਚ ਉੱਚ ਸਿੱਖਿਆ ਦਾ ਪਹੁੰਚ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕੇਗਾ। ਇਸ 'ਚ ਕਿਹਾ ਗਿਆ ਹੈ,''ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ, 2021 ਹੋਰ ਗੱਲਾਂ ਨਾਲ ਕੇਂਦਰੀ ਯੂਨੀਵਰਸਿਟੀ ਐਕਟ, 2009 'ਚ ਸੋਧ ਕਰਨ ਲਈ ਹੈ, ਜਿਸ ਨਾਲ ਸੰਘ ਰਾਜ ਖੇਤਰ ਲੱਦਾਖ 'ਚ 'ਸਿੰਧੂ ਕੇਂਦਰੀ ਯੂਨੀਵਰਸਿਟੀ' ਸਥਾਪਤ ਕਰਨ ਲਈ ਵਿਵਸਥਾ ਕੀਤੀ ਜਾ ਸਕੇ।''

DIsha

This news is Content Editor DIsha