ਭਾਰਤ ਦੀ ਸਵੱਛਤਾ ਮੁਹਿੰਮ ਹੋਰ ਦੇਸ਼ਾਂ ਲਈ ਮਿਸਾਲ : ਬਿੱਲ ਗੇਟਸ

09/18/2019 10:48:13 AM

ਵਾਸ਼ਿੰਗਟਨ— ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਬਿੱਲ ਗੇਟਸ ਨੇ ਤਰਕ ਦਿੱਤਾ ਕਿ ਉਹ ਪੀ. ਐੱਮ. ਨਰਿੰਦਰ ਮੋਦੀ ਨੂੰ 'ਗੋਲਕੀਪਰਜ਼ ਗਲੋਬਲ ਗੋਲਜ਼ ਐਵਾਰਡ' ਨਾਲ 24-25 ਸਤੰਬਰ ਨੂੰ ਇਸ ਲਈ ਸਨਮਾਨਤ ਕਰਨਗੇ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਹੈ। ਮੋਦੀ ਸਰਕਾਰ ਨੇ 50 ਕਰੋੜ ਲੋਕਾਂ ਨੂੰ ਹਰ ਖੇਤਰ 'ਚ ਸਫਾਈ ਲਈ ਪ੍ਰੇਰਿਤ ਕੀਤਾ ਭਾਵੇਂ ਉਹ ਟਾਇਲਟ, ਪਾਣੀ ਜਾਂ ਸਰੀਰਕ ਸਫਾਈ ਨਾਲ ਸਬੰਧਤ ਹੋਵੇ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵਲੋਂ ਸਫਾਈ ਦਾ ਮੁੱਦਾ ਇਸ ਲਈ ਚੁੱਕਿਆ ਗਿਆ ਕਿਉਂਕਿ ਕਈ ਦੇਸ਼ਾਂ 'ਚ ਇਸ ਸਬੰਧੀ ਕੋਈ ਗੱਲ ਨਹੀਂ ਹੋਈ।
 

ਸਫਾਈ ਕਰਨ ਦੇ ਘਟੀਆ ਤਰੀਕਿਆਂ ਕਾਰਨ ਵੱਡੀ ਗਿਣਤੀ 'ਚ ਲੋਕ ਬੀਮਾਰ ਹੁੰਦੇ ਹਨ। ਕਈ ਵਾਰ ਲੰਬੇ ਸਮੇਂ ਤਕ ਲੋਕ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਨਹੀਂ ਪਾਉਂਦੇ। ਭਾਰਤ ਪਿਛਲੇ 5 ਸਾਲਾਂ ਤੋਂ ਸਵੱਛਤਾ ਅਭਿਆਨ ਚਲਾ ਰਿਹਾ ਹੈ। ਭਾਰਤ ਹੋਰ ਦੇਸ਼ਾਂ ਲਈ ਵੀ ਮਿਸਾਲ ਬਣਿਆ ਹੈ, ਇਸ ਲਈ ਇਸ ਦੀ ਹੌਸਲਾ ਅਫਜ਼ਾਈ ਲਈ ਇਸ ਨੂੰ ਸਨਮਾਨਤ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਅਫਰੀਕੀ ਤੇ ਹੋਰ ਦੇਸ਼ਾਂ 'ਚ ਹਰ ਸਾਲ ਵੱਡੀ ਗਿਣਤੀ 'ਚ ਮੌਤਾਂ ਸਫਾਈ ਦੀ ਕਮੀ ਕਾਰਨ ਹੀ ਹੁੰਦੀਆਂ ਹਨ ਕਿਉਂਕਿ ਗੰਦਗੀ ਕਾਰਨ ਉਹ ਬੀਮਾਰੀਆਂ ਦੀ ਪਕੜ 'ਚ ਆ ਜਾਂਦੇ ਹਨ। ਹਰ ਦੇਸ਼ 'ਚ ਲਿੰਗ ਅਸਮਾਨਤਾ ਹੈ ਅਤੇ ਔਰਤਾਂ ਨੂੰ ਮਰਦਾਂ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਭ ਖੇਤਰਾਂ 'ਚ ਵੀ ਕੰਮ ਕਰਨ ਦੀ ਵਧੇਰੇ ਜ਼ਰੂਰਤ ਹੈ।