ਪ੍ਰਮਾਣੂ ਪਰੀਖਣ ਨਾ ਕਰਨ ਦੇ ਬਦਲੇ ਬਿੱਲ ਕਲਿੰਟਨ ਨੇ ਦਿੱਤੀ ਸੀ 5 ਅਰਬ ਡਾਲਰ ਦੀ ਪੇਸ਼ਕਸ਼ : ਸ਼ਰੀਫ

07/20/2017 8:56:43 PM

ਇਸਲਾਮਾਬਾਦ — ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹੁਣ ਇਕ ਨਵਾਂ ਖੁਲਾਸਾ ਕੀਤਾ ਹੈ। ਸ਼ਰੀਫ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਪਾਕਿਸਤਾਨ ਦੀ ਚਿੰਤਾ ਨਾ ਹੁੰਦੀ ਤਾਂ ਉਨ੍ਹਾਂ ਨੇ ਸਾਲ 1998 'ਚ ਪ੍ਰਮਾਣੂ ਪਰੀਖਣ ਨਾ ਕਰਨ ਦੀ ਆੜ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ 5 ਅਰਬ ਡਾਲਰ ਦੇਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੁੰਦਾ। 
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਰਾਜਨੀਤਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਰੀਫ ਨੇ ਕਿਹਾ, ''ਜੇਕਰ ਮੈਂ ਦੇਸ਼ ਦੇ ਪ੍ਰਤੀ ਈਮਾਨਦਾਰ ਨਾ ਹੁੰਦਾ ਤਾਂ ਮੈਂ ਪ੍ਰਮਾਣੂ ਪਰੀਖਣ ਨਾ ਕਰਨ ਦੇ ਬਦਲੇ 'ਚ ਅਮਰੀਕਾ ਵੱਲੋਂ ਦਿੱਤੇ ਗਏ 5 ਅਰਬ ਡਾਲਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੁੰਦਾ।'' ਸ਼ਰੀਫ 'ਤੇ ਫਿਲਹਾਲ ਮਾਨ-ਹਾਨੀ ਦਾ ਕੇਸ ਚੱਲ ਰਿਹਾ ਹੈ। 
ਜ਼ਿਕਰਯੋਗ ਹੈ ਕਿ ਸਾਲ 1998 'ਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ 'ਚ ਪੋਖਰਣ 'ਚ ਪ੍ਰਮਾਣੂ ਪਰੀਖਣ ਕੀਤਾ ਸੀ। ਇਸ ਤੋਂ ਕੁਝ ਦਿਨ ਬਾਅਦ ਹੀ ਪਾਕਿਸਤਾਨ ਨੇ ਵੀ ਇਸ ਦਾ ਪਰੀਖਣ ਕੀਤਾ ਸੀ। ਸ਼ਰੀਫ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਪਨਾਮਾਗੇਟ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਗਠਨ ਜੀ. ਆਈ. ਟੀ. ਨੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ ਉਪਰ ਦੋਸ਼ ਲਾਏ ਹਨ। ਸ਼ਰੀਫ ਦੇ ਬੱਚਿਆਂ 'ਤੇ ਫਰਜ਼ੀ ਦਸਤਾਵੇਜ਼ ਜਮ੍ਹਾ ਕਰਾਉਣ ਅਤੇ ਜਾਇਦਾਦ ਲੁਕਾਉਣ ਦਾ ਵੀ ਦੋਸ਼ ਹੈ। ਜੇ. ਆਈ. ਟੀ. ਦੀ ਰਿਪੋਰਟ ਤੋਂ ਬਾਅਦ ਹੀ ਪੂਰੇ ਪਾਕਿਸਤਾਨ 'ਚ ਵਿਰੋਧੀ ਪਾਰਟੀਆਂ ਸ਼ਰੀਫ ਤੋਂ ਅਸਤੀਫਾ ਮੰਗ ਰਹੀ ਹੈ।