ਬਿਹਾਰ ''ਚ ਗਰਮੀ ਦਾ ਕਹਿਰ, ਲੂ ਲੱਗਣ ਨਾਲ 112 ਲੋਕਾਂ ਦੀ ਮੌਤ

06/17/2019 11:31:18 AM

ਪਟਨਾ— ਬਿਹਾਰ 'ਚ ਭਿਆਨਕ ਗਰਮੀ ਨਾਲ ਹਾਲਾਤ ਬੇਹੱਦ ਖਰਾਬ ਹੋ ਗਏ ਹਨ ਅਤੇ ਐਤਵਾਰ ਨੂੰ ਲੂ ਲੱਗਣ ਨਾਲ 112 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵਧ ਮੌਤਾਂ ਔਰੰਗਾਬਾਦ, ਨਵਾਦਾ, ਪਟਨਾ, ਪੂਰਬੀ ਬਿਹਾਰ, ਰੋਹਤਾਸ, ਜਹਾਨਾਬਾਦ ਅਤੇ ਭੋਜਪੁਰ ਜ਼ਿਲਿਆਂ 'ਚ ਹੋਈਆਂ ਹਨ। ਲੂ ਲੱਗਣ ਨਾਲ ਪਿਛਲੇ 2 ਦਿਨਾਂ 'ਚ 173 ਤੋਂ ਵਧ ਲੋਕਾਂ ਦੀ ਜਾਨ ਚੱਲੀ ਗਈ ਹੈ। ਗਯਾ, ਨਵਾਦਾ ਅਤੇ ਔਰੰਗਾਬਾਦ ਦੇ ਹਸਪਤਾਲਾਂ 'ਚ 300 ਤੋਂ ਵਧ ਮਰੀਜ਼ ਭਰਤੀ ਕਰਵਾਏ ਗਏ ਹਨ। ਇਕੱਲੇ ਗਯਾ ਜ਼ਿਲੇ 'ਚ ਐਤਵਾਰ ਨੂੰ 28 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੂ ਨਾਲ ਮਰਨ ਵਾਲੇ ਜ਼ਿਆਦਾਤਰ ਲੋਕਾਂ 'ਚ 60 ਸਾਲ ਤੋਂ ਵਧ ਉਮਰ ਦੇ ਲੋਕ ਹਨ। ਲੂ ਨਾਲ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀਆਂ ਮੌਤਾਂ 'ਤੇ ਰਾਜ ਸਰਕਾਰ ਹਰਕਤ 'ਚ ਆ ਗਈ ਹੈ। ਬਿਹਾਰ ਸਰਕਾਰ ਨੇ ਸਾਰੇ ਪ੍ਰਭਾਵਿਤ ਜ਼ਿਲਿਆਂ 'ਚ ਮਰੀਜ਼ਾਂ ਲਈ ਐਡੀਸ਼ਨਲ ਡਾਕਟਰਾਂ ਦੀ ਤਾਇਨਾਤੀ ਕੀਤੀ ਹੈ। ਇਸ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ 'ਚ ਪੀਣ ਦਾ ਪਾਣੀ ਪਹੁੰਚਾਉਣ ਲਈ ਟੈਂਕਰ ਲਗਾਏ ਗਏ ਹਨ। ਇਸ ਦਰਮਿਆਨ ਲੂ ਪ੍ਰਭਾਵਿਤ ਜ਼ਿਲਿਆਂ 'ਚ ਜੇਕਰ ਡਾਕਟਰ ਅੱਜ ਹੜਤਾਲ 'ਤੇ ਰਹਿੰਦੇ ਹਨ ਤਾਂ ਮਰੀਜ਼ਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਹਾਲਾਂਕਿ ਡਾਕਟਰਾਂ ਨੇ ਹਾਲੇ ਭਰੋਸਾ ਦਿੱਤਾ ਹੈ ਕਿ ਉਹ ਮਰੀਜ਼ਾਂ ਦਾ ਇਲਾਜ ਕਰਨਗੇ।

ਲੂ ਪੀੜਤਾਂ ਦੀ 2 ਘੰਟਿਆਂ ਦਰਮਿਆਨ ਹੋ ਰਹੀ ਮੌਤ
ਡਾਕਟਰਾਂ ਅਨੁਸਾਰ ਲੂ ਪੀੜਤਾਂ ਨੂੰ ਪਹਿਲਾਂ ਬੇਚੈਨੀ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਉਹ ਬੇਹੋਸ਼ ਹੋ ਰਹੇ ਹਨ। ਫਿਰ ਅੱਧੇ ਤੋਂ 2 ਘੰਟੇ ਦਰਮਿਆਨ ਉਨ੍ਹਾਂ ਦੀ ਮੌਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤ ਦਾ ਕਾਰਨ ਬਰੇਨ 'ਚ ਗਲੂਕੋਜ਼ ਦੀ ਕਮੀ ਹੈ। ਡਾਕਟਰਾਂ ਨੇ ਖੂਬ ਪਾਣੀ ਪੀਣ ਦੀ ਸਲਾਹ ਮਰੀਜ਼ਾਂ ਨੂੰ ਦਿੱਤੀ ਹੈ। ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਧਾਨ ਸਕੱਤਰ ਪ੍ਰਤਯਯ ਅੰਮ੍ਰਿਤ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰੰਗਾਬਾਦ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਕਰੀਬ 7 ਡਿਗਰੀ ਸੈਲਸੀਅਤ ਵਧ ਸੀ। ਇੱਥੇ ਸੋਮਵਾਰ ਨੂੰ ਵੀ ਗਰਮੀ ਤੋਂ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਹੀਂ ਹੈ।

2 ਦਿਨਾਂ ਤੱਕ 45 ਡਿਗਰੀ ਤਾਪਮਾਨ ਹੀਟ ਵੇਵ ਐਲਾਨ
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ 2 ਦਿਨਾਂ ਤੱਕ ਵਧ ਤੋਂ ਵਧ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵਧ ਦਰਜ ਕੀਤੇ ਜਾਣ 'ਤੇ ਹੀਟ ਵੇਵ ਐਲਾਨ ਕੀਤਾ ਜਾਂਦਾ ਹੈ। ਬਿਹਾਰ ਦੇ ਹੋਰ ਜ਼ਿਲਿਆਂ ਗਯਾ, ਭਾਗਲਪੁਰ ਅਤੇ ਪੂਰਨੀਆ 'ਚ ਸ਼ਨੀਵਾਰ ਨੂੰ ਵਧ ਤੋਂ ਵਧ ਤਾਪਮਾਨ 45.2 ਡਿਗਰੀ ਸੈਲਸੀਅਸ, 41.5 ਡਿਗਰੀ ਸੈਲਸੀਅਸ ਅਤੇ 35.9 ਡਿਗਰੀ ਸੈਲਸੀਅਸ ਰਿਹਾ ਸੀ। ਮੌਸਮ ਵਿਭਾਗ ਅਨੁਸਾਰ ਬਿਹਾਰ 'ਚ ਦੱਖਣ-ਪੱਛਮ ਮਾਨਸੂਨ ਦੇ 22-23 ਜੂਨ ਤੱਕ ਆਉਣ ਦੀ ਉਮੀਦ ਹੈ।

DIsha

This news is Content Editor DIsha