70 ਸਾਲ ਦੇ ਬਜ਼ੁਰਗ ਦੀ ਨਿਕਲੀ ਬਰਾਤ, 8 ਧੀਆਂ-ਪੁੱਤਰ ਵੀ ਬਣੇ ‘ਬਰਾਤੀ’

05/08/2022 4:10:59 PM

ਬਿਹਾਰ– ਦੇਸ਼ ਭਰ ’ਚ ਇਸ ਸਮੇਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦਰਮਿਆਨ ਬਿਹਾਰ ਦੇ ਸਾਰਣ ’ਚ ਇਕ ਅਜਿਹਾ ਵਿਆਹ ਹੋਇਆ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਖ਼ਾਸ ਬਰਾਤ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਇਕੱਠੀ ਹੋਈ। ਜਦੋਂ 70 ਸਾਲ ਦਾ ਲਾੜਾ ਆਪਣਾ ਲਾੜੀ ਨੂੰ ਲਿਆਉਣ ਲਈ ਸਹੁਰੇ ਗਿਆ ਤਾਂ ਹਰ ਕੋਈ ਤੱਕਦਾ ਹੀ ਰਹਿ ਗਿਆ। ਦਿਲਚਸਪ ਗੱਲ ਇਹ ਹੈ ਕਿ ਲਾੜੇ ਦੀਆਂ 7 ਧੀਆਂ ਅਤੇ ਇਕ ਪੁੱਤਰ ਵੀ ਇਸ ਬਰਾਤ ’ਚ ਸ਼ਾਮਲ ਹੋਏ। 

ਬੈਂਡ-ਵਾਜਿਆਂ ਨਾਲ ਨਿਕਲੀ ਬਰਾਤ-
ਬੈਂਡ-ਵਾਜਿਆਂ ਨਾਲ ਲਾੜੇ ਦੇ ਰੂਪ ’ਚ ਸਜਿਆ ਇਹ ਸ਼ਖਸ 42 ਸਾਲ ਪਹਿਲਾਂ ਹੋਏ ਆਪਣੇ ਹੀ ਵਿਆਹ ਤੋਂ ਬਾਅਦ ਪਤਨੀ ਦਾ ਗੌਨਾ ਕਰਵਾਉਣ ਨਿਕਲਿਆ ਸੀ। ਦਰਅਸਲ ਆਮਡਾਢੀ ਦੇ ਰਾਜਕੁਮਾਰ ਸਿੰਘ ਦਾ ਵਿਆਹ 42 ਸਾਲ ਪਹਿਲਾਂ ਯਾਨੀ ਕਿ 1980 ’ਚ 5 ਮਈ ਨੂੰ ਹੋਇਆ ਸੀ ਪਰ ਪਤਨੀ ਦਾ ਗੌਨਾ ਨਹੀਂ ਹੋਇਆ ਸੀ। ਗੌਨਾ ਉਹ ਰਸਮ ਹੈ, ਜਿਸ ’ਚ ਪਤਨੀ ਦਾ ਪੇਕੇ ਤੋਂ ਆਪਣੇ ਪਤੀ ਦੇ ਘਰ ਦੂਜੀ ਵਾਰ ਜਾਣਾ ਹੁੰਦਾ ਹੈ। ਰਾਜਕੁਮਾਰ ਸਿੰਘ ਦੇ ਸੱਸ-ਸਹੁਰੇ ਨਾ ਹੋਣ ਕਾਰਨ ਗੌਨਾ ਦੀ ਰਸਮ ਨਹੀਂ ਹੋ ਸਕੀ ਸੀ। ਉਸ ਦੌਰਾਨ ਉਨ੍ਹਾਂ ਦੇ ਸਾਲੇ ਵੀ ਕਾਫੀ ਛੋਟੇ ਸਨ। ਇਕ ਵਜ੍ਹਾ ਇਹ ਵੀ ਸੀ ਕਿ ਵਿਆਹ ਮਗਰੋਂ ਉਹ ਕਦੇ ਆਪਣੇ ਸਹੁਰੇ ਆਮਡਾਢੀ ਨਹੀਂ ਗਏ ਸਨ। ਇਸ ਰਸਮ ਨੂੰ ਰਾਜਕੁਮਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ-ਧੀਆਂ ਨੇ ਇਸ ਕਦਰ ਯਾਦਗਾਰ ਬਣਾ ਦਿੱਤਾ, ਜਿਸ ਨੂੰ ਕੋਈ ਨਹੀਂ ਭੁੱਲ ਨਹੀਂ ਸਕਦਾ। 

7 ਧੀਆਂ ਤੇ ਇਕ ਪੁੱਤਰ ਨੇ ਪੂਰੀ ਕੀਤੀ ਗੌਨਾ ਦੀ ਰਸਮ-
ਬਜ਼ੁਰਗ ਰਾਜਕੁਮਾਰ ਦੇ ਸਾਰੇ ਬੱਚਿਆਂ ਨੇ ਮਿਲ ਕੇ ਇਸ ਲਈ ਅਨੋਖਾ ਤਰੀਕਾ ਲੱਭਿਆ। ਗੌਨਾ ਦੀ ਰਸਮ ਪੂਰੀ ਕਰਨ ਲਈ ਮਾਂ ਸ਼ਾਰਦਾ ਨੂੰ 15 ਅਪ੍ਰੈਲ 2022 ਨੂੰ ਉਨ੍ਹਾਂ ਦੇ ਪੇਕੇ ਭੇਜ ਦਿੱਤਾ। ਫਿਰ ਵਿਆਹ ਦੀ ਤਾਰੀਖ ਯਾਨੀ ਕਿ 5 ਮਈ ਨੂੰ ਹੀ ਇਕ ਵਾਰ ਫਿਰ ਪਿਤਾ ਜੀ ਨੂੰ ਘੋੜੇ ਵਾਲੀ ਬੱਗੀ ’ਤੇ ਬੈਠਾ ਕੇ ਲਿਜਾਇਆ ਗਿਆ। ਬੈਂਡ-ਵਾਜਿਆਂ ਨਾਲ ਬਿਲਕੁਲ ਬਰਾਤ ਵਰਗਾ ਮਾਹੌਲ ’ਚ ਤਮਾਮ ਲੋਕ ਸ਼ਾਮਲ ਕੀਤੇ ਗਏ। ਲਾੜਾ ਬਣੇ ਰਾਜਕੁਮਾਰ ਨੇ ਦੱਸਿਆ ਕਿ 42 ਸਾਲ ਪਹਿਲਾਂ ਉਨ੍ਹਾਂ ਦੇ ਵਿਆਹ ’ਚ ਮਾਂਝੀ ਥਾਣੇ ਦੇ ਨਚਾਪ ਪਿੰਡ ਤੋਂ ਬਰਾਤ ਆਮਡਾਢੀ ਆਈ ਸੀ। ਉਨ੍ਹਾਂ ਦੀਆਂ ਧੀਆਂ ਅਤੇ ਪੁੱਤਰ ਨੇ ਮਿਲ ਕੇ 42 ਸਾਲ ਬਾਅਦ ਗੌਨਾ ਦੀ ਰਸਮ ਨੂੰ ਪੂਰਾ ਕੀਤਾ।

7 ਧੀਆਂ ਦੀ ਬਿਹਾਰ ਪੁਲਸ ਅਤੇ ਫ਼ੌਜ ’ਚ ਨੌਕਰੀ-
ਵਿਆਹ ਤੋਂ ਬਾਅਦ ਰਾਜਕੁਮਾਰ ਸਿੰਘ ਦੇ ਘਰ 7 ਧੀਆਂ ਅਤੇ ਇਕ ਪੁੱਤਰ ਹੋਏ, ਜੋ ਹੁਣ ਵੱਡੇ ਹੋ ਚੁੱਕੇ ਹਨ। ਜਿਨ੍ਹਾਂ ’ਚੋਂ 7 ਭੈਣਾਂ ਬਿਹਾਰ ਪੁਲਸ, ਬਿਹਾਰ ਉਤਪਾਦ ਪੁਲਸ, ਫ਼ੌਜ ਅਤੇ ਕੇਂਦਰੀ ਪੁਲਸ ਫੋਰਸ ’ਚ ਤਾਇਨਾਤ ਹਨ। ਪੁੱਤਰ ਇੰਜੀਨੀਅਰ ਹੈ। ਬੱਚਿਆਂ ਦੀ ਜਿੱਦ ਅੱਗੇ ਰਾਜਕੁਮਾਰ ਸਿੰਘ ਨੂੰ ਝੁੱਕਣਾ ਪਿਆ ਅਤੇ ਲਾੜਾ ਬਣ ਕੇ ਬਰਾਤ ਨਾਲ ਨਿਕਲ ਪਏ ਅਤੇ ਆਪਣੀ ਪਤਨੀ ਨੂੰ ਮੁੜ ਵਿਦਾ ਕਰ ਕੇ ਘਰ ਲਿਆਏ। 

Tanu

This news is Content Editor Tanu