LIC ਦੇ ਪਾਲਸੀ ਧਾਰਕਾਂ ਲਈ ਵੱਡਾ ਤੋਹਫਾ, 2 ਸਾਲ ਤੋਂ ਬੰਦ ਪਾਲਸੀ ਹੋ ਸਕੇਗੀ ਚਾਲੂ

11/05/2019 10:42:14 AM

ਨਵੀਂ ਦਿੱਲੀ — ਜਨਤਕ ਖੇਤਰ ਦੀ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਆਪਣੇ ਪੁਰਾਣੇ ਪਾਲਸੀ ਧਾਰਕਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਈ ਪਾਲਸੀ ਨੂੰ ਫਿਰ ਚਾਲੂ ਕਰਨ ਦੀ ਆਗਿਆ ਦਿੱਤੀ ਹੈ। ਐੱਲ. ਆਈ. ਸੀ. ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਹੁਣ ਅਜਿਹੀਆਂ ਬੀਮਾ ਪਾਲਿਸੀਆਂ, ਜਿਨ੍ਹਾਂ ਨੂੰ ਬੰਦ ਪਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਜਿਨ੍ਹਾਂ ਨੂੰ ਚਾਲੂ ਕਰਨ ਦੀ ਆਗਿਆ ਨਹੀਂ ਸੀ, ਹੁਣ ਉਨ੍ਹਾਂ ਨੂੰ ਅੱਗੇ ਵਧਾਇਆ ਜਾ ਸਕੇਗਾ। ਡੁੱਬੀਆਂ ਹੋਈਆਂ ਅਤੇ ਬੰਦ ਪਈਆਂ ਬੀਮਾ ਪਾਲਸੀਆਂ (ਲੈਪਸ ਪਾਲਸੀਆਂ) ਅਜਿਹੀਆਂ ਬੀਮਾ ਪਾਲਿਸੀਆਂ ਹਨ ਜੋ ਇਕ ਨਿਸ਼ਚਿਤ ਮਿਆਦ ਦੇ ਦੌਰਾਨ ਰੈਗੂਲਰ ਤੌਰ ’ਤੇ ਪ੍ਰੀਮੀਅਮ ਨਹੀਂ ਚੁਕਾ ਪਾਉਣ ਕਾਰਣ ਬੰਦ ਹੋ ਜਾਂਦੀਆਂ ਹਨ।

ਐੱਲ. ਆਈ. ਸੀ. ਨੇ ਇਸ਼ਤਿਹਾਰ ’ਚ ਕਿਹਾ ਹੈ ਕਿ 1 ਜਨਵਰੀ 2014 ਤੋਂ ਬਾਅਦ ਖਰੀਦੀ ਗਈ ਸਧਾਰਨ ਬੀਮਾ ਪਾਲਸੀ ਦੇ ਧਾਰਕ ਹੁਣ ਪ੍ਰੀਮੀਅਮ ਭੁਗਤਾਨ ਨਹੀਂ ਕਰ ਸਕਣ ਦੀ ਤਰੀਕ ਤੋਂ 5 ਸਾਲ ਦੀ ਮਿਆਦ ਦੇ ਅੰਦਰ ਅਤੇ ਯੂਨਿਟ-ਲਿੰਕਡ ਪਾਲਸੀਧਾਰਕ ਆਪਣੀ ਬੰਦ ਪਈ ਪਾਲਸੀ ਨੂੰ ਆਖਰੀ ਪ੍ਰੀਮੀਅਮ ਭੁਗਤਾਨ ਦੇ 3 ਸਾਲ ਦੀ ਮਿਆਦ ਦੇ ਅੰਦਰ ਫਿਰ ਤੋਂ ਚਾਲੂ ਕਰ ਸਕਣਗੇ। ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ (ਇਰਡਾ) ਦੇ 2013 ਦੇ ਨਿਯਮ ਮੁਤਾਬਕ ਬੀਮਾ ਮਿਆਦ ਦੇ ਦੌਰਾਨ ਜਿਸ ਤਰੀਕ ਤੋਂ ਪ੍ਰੀਮੀਅਮ ਭੁਗਤਾਨ ਨਹੀਂ ਕੀਤਾ ਗਿਆ ਉਦੋਂ ਤੋਂ ਲੈ ਕੇ 2 ਸਾਲ ਦੀ ਮਿਆਦ ਦੇ ਅੰਦਰ ਕਿਸੇ ਪਾਲਸੀ ਨੂੰ ਫਿਰ ਤੋਂ ਚਾਲੂ ਕੀਤਾ ਜਾ ਸਕਦਾ ਹੈ। ਇਰਡਾ ਦਾ ਇਹ ਨਿਯਮ 1 ਜਨਵਰੀ 2014 ਤੋਂ ਅਮਲ ’ਚ ਹੈ। ਇਸ ਤਰੀਕ ਦੇ ਬਾਅਦ ਤੋਂ ਲਈ ਗਈ ਬੀਮਾ ਪਾਲਸੀ ’ਚ ਜੇਕਰ 2 ਸਾਲ ਤੋਂ ਜ਼ਿਆਦਾ ਸਮਾਂ ਤੱਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਚਾਲੂ ਨਹੀਂ ਕੀਤਾ ਜਾ ਸਕਦਾ ਸੀ।