ਭੂਟਾਨ ਦੌਰੇ 'ਤੇ ਗਏ ਪੀ. ਐੱਮ. ਮੋਦੀ ਨੇ ਦਿੱਤਾ ਸ਼ਾਂਤੀ ਦਾ ਸੁਨੇਹਾ

08/18/2019 9:33:52 AM

ਥਿੰਪੂ— ਦੋ ਦਿਨਾਂ ਦੌਰੇ 'ਤੇ ਭੂਟਾਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੋਂ ਦੀ ਰਾਇਲ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ। ਉਨ੍ਹਾਂ ਸਭ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੇਪਰਾਂ ਸਮੇਂ ਬਿਨਾਂ ਚਿੰਤਾ ਦੇ ਤਿਆਰੀ ਕਰਨ ਦਾ ਮੰਤਰ ਦਿੱਤਾ।  ਉਨ੍ਹਾਂ ਕਿਹਾ ਕਿ ਭਾਰਤ ਤੇ ਭੂਟਾਨ ਦੇ ਲੋਕਾਂ 'ਚ ਜ਼ਬਰਦਸਤ ਲਗਾਅ ਹੈ ਅਤੇ ਦੋਵੇਂ ਦੇਸ਼ਾਂ ਦਾ ਸੱਭਿਆਚਾਰ ਸਾਂਝਾ ਹੈ। ਉਨ੍ਹਾਂ ਕਿਹਾ ਕਿ ਭੂਟਾਨ ਆਉਣ ਵਾਲਾ ਵਿਅਕਤੀ ਜਿੰਨਾ ਇੱਥੋਂ ਦੇ ਲੋਕਾਂ ਦੀ ਗਰਮਜੋਸ਼ੀ ਅਤੇ ਸਾਦਗੀ ਤੋਂ ਪ੍ਰਭਾਵਿਤ ਹੁੰਦਾ ਹੈ, ਓਨਾ ਹੀ ਇੱਥੋਂ ਦੀ ਕੁਦਰਤੀ ਸੁੰਦਰਤਾ ਕਾਰਨ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ 2022 ਤਕ ਅਸੀਂ ਕਿਸੇ ਭਾਰਤੀ ਨੂੰ ਪੁਲਾੜ ਭੇਜਾਂਗੇ।


ਮੋਦੀ ਨੇ ਕਿਹਾ ਕਿ ਭਾਰਤ 'ਚ ਦੁਨੀਆ ਦਾ ਸਭ ਤੋਂ ਸਸਤਾ ਡਾਟਾ ਮਿਲਦਾ ਹੈ। ਗਰੀਬੀ ਖਤਮ ਕਰਨ ਲਈ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸੇ ਲਈ ਉਨ੍ਹਾਂ ਨੇ 'ਐਗਜ਼ਾਮ ਵਾਰਿਅਰ' ਨਾਂ ਦੀ ਕਿਤਾਬ ਵੀ ਲਿਖੀ। ਤੁਹਾਨੂੰ ਦੱਸ ਦਈਏ ਕਿ ਮੋਦੀ ਦੋ ਦਿਨਾਂ ਦੌਰੇ 'ਤੇ ਭੂਟਾਨ ਗਏ ਹਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਐਤਵਾਰ ਵਾਲੇ ਦਿਨ ਵੀ ਭਾਸ਼ਣ ਸੁਣਨਾ ਪੈ ਰਿਹਾ ਹੈ , ਇਸ ਲਈ ਉਹ ਜਲਦੀ ਇਸ ਨੂੰ ਸਮਾਪਤ ਕਰਨਗੇ। ਅਖੀਰ 'ਚ ਉਨ੍ਹਾਂ ਕਿਹਾ ਕਿ ਉਹ ਇੱਥੇ ਆ ਕੇ ਊਰਜਾਵਾਨ ਮਹਿਸੂਸ ਕਰ ਰਹੇ ਹਨ।