ਭੋਪਾਲ : ਗਣਪਤੀ ਵਿਸਰਜਨ ਦੌਰਾਨ ਪਲਟੀ ਕਿਸ਼ਤੀ, 11 ਲੋਕਾਂ ਦੀ ਮੌਤ

09/13/2019 9:54:54 AM

ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ 'ਚ ਗਣੇਸ਼ ਵਿਸਰਜਨ ਦੌਰਾਨ ਵੱਡਾ ਹਾਦਸਾ ਹੋ ਗਿਆ। ਇੱਥੇ ਖਟਲਾਪੁਰਾ ਘਾਟ ਕੋਲ ਕਿਸ਼ਤੀ ਪਲਟਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ 18 ਲੋਕ ਸਵਾਰ ਸਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਦੇ ਪਿੱਛੇ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ। ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਰਾਸ਼ੀ ਵਧਾ ਕੇ 11 ਲੱਖ ਰੁਪਏ ਕਰ ਦਿੱਤੀ ਗਈ ਹੈ। ਮੰਤਰੀ ਪੀ.ਸੀ. ਸ਼ਰਮਾ ਨੇ ਦੱਸਿਆ,''ਇਹ ਘਟਨਾ ਕਾਫ਼ੀ ਨਿੰਦਾਯੋਗ ਹੈ। ਜ਼ਿਲਾ ਕਲੈਕਟਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 11 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੀ ਜਾਂਚ ਕੀਤੀ ਜਾਵੇਗੀ।''
ਕਿਸ਼ਤੀ 'ਚ ਸਮਰੱਥਾ ਤੋਂ ਵਧ ਲੋਕ ਸਨ ਸਵਾਰ
ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਗਣਪਤੀ ਵਿਸਰਜਨ ਲਈ ਇਕ ਕਿਸ਼ਤੀ 'ਚ ਬੈਠ ਕੇ ਝੀਲ ਦੇ ਦੂਜੇ ਪਾਸੇ ਜਾ ਰਹੇ ਸਨ। ਕਿਸ਼ਤੀ 'ਚ ਸਮਰੱਥਾ ਤੋਂ ਵਧ ਲੋਕਾਂ ਦੇ ਸਵਾਰ ਹੋਣ ਕਾਰਨ ਉਹ ਪਲਟ ਗਈ। ਹਾਦਸੇ ਵਾਲੀ ਜਗ੍ਹਾ 'ਤੇ ਐੱਸ.ਡੀ.ਆਰ.ਐੱਫ. ਅਤੇ ਗੋਤਾਖੋਰਾਂ ਦੀ ਟੀਮ ਤਾਇਨਾਤ ਹੈ। ਹੁਣ ਤੱਕ 11 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ। ਮੀਡੀਆ ਰਿਪੋਰਟਸ ਅਨੁਸਾਰ ਕਿਸ਼ਤੀ ਕਾਫ਼ੀ ਛੋਟੀ ਸੀ, ਜਦੋਂ ਕਿ ਭਗਵਾਨ ਗਣੇਸ਼ ਦੀ ਮੂਰਤੀ ਵੱਡੀ ਸੀ। ਵਿਸਰਜਨ ਦੌਰਾਨ ਮੂਰਤੀ ਪਾਣੀ 'ਚ ਉਤਾਰਦੇ ਸਮੇਂ ਕਿਸ਼ਤੀ ਇਕ ਪਾਸੇ ਝੁੱਕ ਗਈ ਅਤੇ ਪਲਟ ਗਈ।

DIsha

This news is Content Editor DIsha