ਆਖ਼ਰ ਕਿਉਂ ਵੈਕਸੀਨ ਤੋਂ ਬਾਅਦ ਵੀ ਹੁੰਦੈ ਕੋਰੋਨਾ? ਭਾਰਤ ਬਾਇਓਟੈਕ ਦੇ ਚੇਅਰਮੈਨ ਨੇ ਸਥਿਤੀ ਕੀਤੀ ਸਾਫ਼

04/22/2021 2:14:49 PM

ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦਰਮਿਆਨ ਕੋਰੋਨਾ ਟੀਕਾਕਰਨ ਦੇ ਕੰਮ ’ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਮਹਿਜ 95 ਦਿਨਾਂ ਵਿਚ ਕਰੀਬ 13 ਕਰੋੜ ਤੋਂ ਪਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ ਉਹ ਸਭ ਤੋਂ ਤੇਜ਼ੀ ਨਾਲ ਕੋਰੋੋਨਾ ਟੀਕਾਕਰਨ ਵਾਲਾ ਦੇਸ਼ ਬਣ ਗਿਆ ਹੈ। ਟੀਕਾਕਰਨ ਮਗਰੋਂ ਵੀ ਕਈ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਖ਼ਬਰ ਹੈ। ਅਜਿਹੇ ਵਿਚ ਹਰ ਕਿਸੇ ਦੇ ਮਨ ਵਿਚ ਇਹ ਸਵਾਲ ਹੈ ਕਿ ਵੈਕਸੀਨ ਲਗਵਾਉਣ ਮਗਰੋਂ ਵੀ ਉਹ ਲੋਕ ਕਿਵੇਂ ਪਾਜ਼ੇਟਿਵ ਹੋ ਗਏ? ਇਨ੍ਹਾਂ ਸਵਾਲਾਂ ਦਾ ਜਵਾਬ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਏਲਾ ਨੇ ਦਿੱਤਾ। 

ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ

ਕ੍ਰਿਸ਼ਨਾ ਏਲਾ ਨੇ ਕਿਹਾ ਕਿ ਵੈਕਸੀਨ ਬਣਾਉਣ ਵਾਲੀ ਕੋਈ ਵੀ ਕੰਪਨੀ ਇਹ ਦਾਅਵਾ ਨਹੀਂ ਕਰਦੀ ਕਿ ਵੈਕਸੀਨ ਤੋਂ ਬਾਅਦ ਵੀ ਵਾਇਰਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਕੋਰੋਨਾ ਟੀਕੇ ਦੀਆਂ ਦੋ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਕੋਰੋਨਾ ਹੋਣ ਦੀ ਸੰਭਾਵਨਾ ਹੈ ਪਰ ਇਹ ਘਾਤਕ ਨਹੀਂ ਹੋਵੇਗਾ।  ਏਲਾ ਨੇ ਇਹ ਸਾਫ਼ ਕੀਤਾ ਕਿ ਵੈਕਸੀਨ ਵਾਇਰਸ ਤੋਂ ਲੜਨ ਵਿਚ ਮਦਦ ਕਰਦੀ ਹੈ, ਇਸ ਨੂੰ ਫੈਲਣ ਤੋਂ ਨਹੀਂ ਰੋਕਦੀ। 

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

ਟੀਕਾ ਲਗਾਉਣ ਤੋਂ ਬਾਅਦ ਵੀ ਮਾਸਕ ਪਾਉਣਾ ਲਾਜ਼ਮੀ ਹੈ। ਭਾਰਤ ਬਾਇਓਟੈਕ ਵਲੋਂ ਕੋਰੋਨਾ ਦੀ ਕੋਵੈਕਸੀਨ ਦਾ ਨਿਰਮਾਣ ਕੀਤਾ ਗਿਆ ਹੈ। ਟੀਕਾ ਨਿਰਮਾਤਾ ਕੰਪਨੀ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿਚ ਟੀਕਾਕਰਨ ਮੁਹਿੰਮ ਨੂੰ ਸਮਰਥਨ ਦੇ ਲਈ ਭਾਰਤ ਬਾਇਓਟੈਕ ਨੇ ਆਪਣੇ ਟੀਕੇ ‘ਕੋਵੈਕਸੀਨ’ ਦੀ ਉਤਪਾਦਨ ਸਮਰੱਥਾ 700 ਮਿਲੀਅਨ ਖ਼ੁਰਾਕ ਸਲਾਨਾ ਵਧਾ ਦਿੱਤੀ ਹੈ। 

ਇਹ ਵੀ ਪੜ੍ਹੋ– ਟੀਕਾਕਰਨ ਮੁਹਿੰਮ: ‘ਕੋਵੈਕਸੀਨ’ ਬਣਾਉਣ ਵਾਲੀ ਭਾਰਤ ਬਾਇਓਟੈਕ ਨੇ ਲਿਆ ਅਹਿਮ ਫ਼ੈਸਲਾ

ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਕਾਫੀ ਜਾਨਲੇਵਾ ਸਾਬਤ ਹੋ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਉਹ ਵੀ ਇਸ ਤੋਂ ਪੀੜਤ ਹੋਣ ਤੋਂ ਨਹੀਂ ਬਚ ਸਕਣਗੇ। ਅਜਿਹੇ ਵਿਚ ਟੀਕਾਕਰਨ ਤੋਂ ਬਾਅਦ ਵੀ ਲਾਪਰਵਾਹੀ ਨਾ ਵਰਤੋਂ। ਮਾਸਕ ਪਹਿਨੋ ਸੁਰੱਖਿਆ ਰਹੋ। ਦੱਸਣਯੋਗ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਵਰ੍ਹਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3 ਲੱਖ ਤੋਂ ਪਾਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ 2,104 ਲੋਕਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ 1 ਕਰੋੜ 59 ਲੱਖ 30 ਹਜ਼ਾਰ 965 ਹੋ ਗਈ। ਕੋਰੋਨਾ ਪੀੜਤ ਵੱਧਣ ਕਾਰਨ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਮੁਹਿੰਮ ਨੂੰ ਸਰਕਾਰ ਵਲੋਂ ਤੇਜ਼ ਕੀਤਾ ਜਾ ਰਿਹਾ ਹੈ, ਇਸ ਲਈ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ 1 ਮਈ ਤੋਂ ਟੀਕਾ ਲੱਗੇਗਾ।

ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

Tanu

This news is Content Editor Tanu