ਮਹਾਰਾਸ਼ਟਰ ’ਚ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ: ਅੱਗ ਨੇ ਸੁੰਨੀਆਂ ਕੀਤੀਆਂ 10 ਮਾਵਾਂ ਦੀਆਂ ਕੁੱਖਾਂ

01/09/2021 2:08:16 PM

ਭੰਡਾਰਾ— ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਸ਼ੁੱਕਰਵਾਰ ਦੇਰ ਰਾਤ ਕਰੀਬ 2 ਵਜੇ ਲੱਗੀ ਭਿਆਨਕ ਅੱਗ ਨੇ 10 ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ ਹਨ। ਇਸ ਭਿਆਨਕ ਅੱਗ ’ਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਦਕਿ 7 ਬੱਚਿਆਂ ਨੂੰ ਬਹੁਤ ਹੀ ਮੁਸ਼ਕਲ ਨਾਲ ਬਚਾਇਆ ਗਿਆ। ਜਿਸ ਵਾਰਡ ’ਚ ਅੱਗ ਲੱਗੀ, ਉੱਥੇ ਕਰੀਬ 17 ਬੱਚੇ ਸਨ। ਹਾਦਸੇ ਦੌਰਾਨ ਵਾਰਡ ’ਚ ਕੋਈ ਨਹੀਂ ਸੀ, ਇਸ ਲਈ ਬੱਚਿਆਂ ਦੀ ਸੜ ਕੇ ਮੌਤ ਹੋ ਗਈ। ਜਦਕਿ ਬੱਚਿਆਂ ਦੇ  ਵਾਰਡ ਵਿਚ ਹਰ ਘੰਟੇ ਡਾਕਟਰ ਅਤੇ ਨਰਸਾਂ ਆਉਂਦੀਆਂ ਰਹਿੰਦੀਆਂ ਹਨ, ਫਿਰ ਅਜਿਹਾ ਕਿਉਂ ਨਹੀਂ ਹੋਇਆ? ਇਸ ਦਾ ਜਵਾਬ ਹਸਪਤਾਲ ਦੇ ਡਾਕਟਰਾਂ ਅਤੇ ਮੈਨੇਜਮੈਂਟ ਨੂੰ ਦੇਣਾ ਪਵੇਗਾ। 

ਓਧਰ ਹਸਪਤਾਲ ਦੇ ਸਿਵਲ ਸਰਜਨ ਨੇ ਕਿਹਾ ਕਿ 7 ਬੱਚਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਨਰਸ ਉੱਥੇ ਪਹੁੰਚੀ ਪਰ ਇੰਨਾ ਧੂਆਂ ਸੀ ਕਿ ਨਰਸਾਂ ਵੀ ਸਾਹ ਨਹੀਂ ਲੈ ਪਾ ਰਹੀਆਂ ਸਨ, ਇਸ ਤੋਂ ਬਾਅਦ ਕਿਸੇ ਤਰ੍ਹਾਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸ਼ਾਰਟ ਸਰਕਿਟ ਹੋਇਆ ਤਾਂ ਵਾਰਡ ’ਚ ਨਰਸ ਮੌਜੂਦ ਸੀ। ਉੱਥੇ ਹੀ ਭੰਡਾਰਾ ਦੇ ਕਲੈਕਟਰ ਸੰਦੀਪ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਟੈਕਨੀਕਲ ਕਮੇਟੀ ਕਰੇਗੀ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਏਗੀ।

ਵਾਰਡ ’ਚ ਭਰ ਗਿਆ ਸੀ ਕਾਲਾ ਧੂਆਂ—
ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਇਕ ਸਟਾਫ਼ ਮੈੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਪੌਣੇ ਦੋ ਵਜੇ ਫੋਨ ਆਇਆ ਕਿ ਉੱਪਰ ਬੱਚਿਆਂ ਦੇ ਵਾਰਡ ’ਚ ਅੱਗ ਲੱਗ ਗਈ ਹੈ। ਉਕਤ ਸ਼ਖਸ ਨੇ ਕਿਹਾ ਕਿ ਕਮਰੇ ਵਿਚ ਕਾਲਾ ਧੂਆਂ ਭਰ ਗਿਆ ਸੀ ਅਤੇ ਅੰਦਰ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਮੈਂ ਗਾਰਡ ਨੂੰ ਬੁਲਾਇਆ ਪਰ ਅਸੀਂ ਕੁਝ ਨਹੀਂ ਕਰ ਸਕੇ। ਅਸੀਂ ਅੱਗ ਬੁਝਾਊ ਦਸਤੇ ਦੀ ਗੱਡੀ ਨਾਲ ਬਾਲਕਨੀ ’ਚ ਚੜ੍ਹੇ ਅਤੇ ਦਰਵਾਜ਼ਾ ਤੋੜ ਦਿੱਤਾ ਅਤੇ ਖਿੜਕੀਆਂ ਵੀ ਤੋੜੀਆਂ। ਇਸ ਤੋਂ ਬਾਅਦ ਅੰਦਰ ਦਾਖ਼ਲ ਹੋਏ। ਅੱਧੇ ਬੱਚੇ ਸੜ ਗਏ ਸਨ, ਜੋ ਬਚੇ ਸਨ, ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਬਾਹਰ ਕੱਢਿਆ। ਕਮਰੇ ਅੰਦਰ ਧੂੰਆਂ ਭਰਿਆ ਹੋਇਆ ਸੀ ਅਤੇ ਨਰਸਾਂ ਨੂੰ ਵੀ ਸਾਹ ਲੈਣ ’ਚ ਮੁਸ਼ਕਲ ਹੋ ਰਹੀ ਸੀ। 

Tanu

This news is Content Editor Tanu