ਭੈਰੋਂ ਸਿੰਘ ਰਾਠੌਰ ਦੀ ਮੌਤ ਨਾਲ ਸਦਮੇ ''ਚ ਸੁਨੀਲ ਸ਼ੈੱਟੀ, ''ਬਾਰਡਰ'' ਫ਼ਿਲਮ ''ਚ ਸੀ ਉਨ੍ਹਾਂ ਦਾ ਖ਼ਾਸ ਕਿਰਦਾਰ

12/20/2022 1:01:36 PM

ਨਵੀਂ ਦਿੱਲੀ (ਬਿਊਰੋ) : 1971 ਦੀ ਜੰਗ ਦਾ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਭੈਰੋਂ ਨੇ ਜੋਧਪੁਰ ਦੇ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ। ਭੈਰੋਂ ਨੂੰ ਬੁਖਾਰ ਅਤੇ ਛਾਤੀ 'ਚ ਤੇਜ਼ ਦਰਦ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਭੈਰੋ ਸਿੰਘ ਸਾਲ 1987 'ਚ ਬੀ. ਐੱਸ. ਐੱਫ. ਤੋਂ ਸੇਵਾਮੁਕਤ ਹੋਏ ਸਨ। ਭੈਰੋਂ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗ 'ਚ ਹਿੱਸਾ ਲਿਆ ਸੀ। ਭੈਰੋਂ ਸਿੰਘ ਦੇ ਦਿਹਾਂਤ 'ਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਜੰਗੀ ਨਾਇਕ ਭੈਰੋਂ ਸਿੰਘ ਰਾਠੌਰ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਫ਼ਿਲਮ 'ਬਾਰਡਰ' 'ਚ ਸੁਨੀਲ ਸ਼ੈੱਟੀ ਨੇ ਭੈਰੋਂ ਦਾ ਕਿਰਦਾਰ ਨਿਭਾਇਆ ਸੀ। 

ਬਹਾਦਰੀ ਲਈ ਸੈਨਾ ਮੈਡਲ ਨਾਲ ਹੋਏ ਸੀ ਸਨਮਾਨਿਤ
81 ਸਾਲਾ ਭੈਰੋਂ ਸਿੰਘ ਰਾਠੌਰ ਨੂੰ ਲੌਂਗੇਵਾਲਾ ਚੌਕੀ 'ਤੇ 1971 ਦੀ ਜੰਗ ਦੇ ਪ੍ਰਦਰਸ਼ਨ ਲਈ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋਮਵਾਰ ਨੂੰ ਬੀ. ਐੱਸ. ਐੱਫ. ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਟਵੀਟ 'ਚ ਲਿਖਿਆ ਗਿਆ, '1971 ਦੀ ਲੌਂਗੇਵਾਲਾ ਜੰਗ ਦੇ ਹੀਰੋ ਸੈਨਾ ਮੈਡਲ ਐਵਾਰਡੀ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ 'ਤੇ ਡੀ. ਜੀ. ਬੀ. ਐੱਸ. ਐੱਫ. ਅਤੇ ਹੋਰ ਸਾਰੇ ਰੈਂਕ ਸੋਗ ਪ੍ਰਗਟ ਕਰਦੇ ਹਨ।'

ਭੈਰੋਂ ਸਿੰਘ ਦੀ ਮੌਤ 'ਤੇ ਸੁਨੀਲ ਸ਼ੈੱਟੀ ਦਾ ਟਵੀਟ
ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਬੀ. ਐੱਸ. ਐੱਫ. ਦੇ ਟਵੀਟ ਨੂੰ ਰੀਟਵੀਟ ਕੀਤਾ ਅਤੇ ਨਾਲ ਹੀ ਲਿਖਿਆ, 'ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ।'' ਦੱਸ ਦੇਈਏ ਕਿ ਸਿਰਫ਼ ਸੁਨੀਲ ਸ਼ੈੱਟੀ ਹੀ ਨਹੀਂ ਬਲਕਿ ਕਈ ਹੋਰ ਲੋਕਾਂ ਨੇ ਵੀ ਭੈਰੋਂ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ।

'ਬਾਰਡਰ' 'ਚ ਸੁਨੀਲ ਨੇ ਭੈਰੋਂ ਸਿੰਘ ਦਾ ਨਿਭਾਇਆ ਸੀ ਕਿਰਦਾਰ
ਦੱਸ ਦੇਈਏ ਕਿ ਸਾਲ 1997 'ਚ ਆਈ ਫ਼ਿਲਮ 'ਬਾਰਡਰ' ਕਾਫ਼ੀ ਹਿੱਟ ਰਹੀ ਸੀ। ਇਹ ਫ਼ਿਲਮ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਿਤ ਸੀ। ਇਸ ਫ਼ਿਲਮ 'ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਅਤੇ ਇਸ ਫ਼ਿਲਮ 'ਚ ਸੁਨੀਲ ਸ਼ੈਟੀ ਨੇ ਦੇਸ਼ ਦੇ ਬਹਾਦਰ ਯੋਧੇ ਭੈਰੋਂ ਸਿੰਘ ਦੀ ਅਹਿਮ ਭੂਮਿਕਾ ਨਿਭਾਈ ਹੈ। ਸੁਨੀਲ ਤੋਂ ਇਲਾਵਾ ਫ਼ਿਲਮ 'ਚ ਸੰਨੀ ਦਿਓਲ, ਜੈਕੀ ਸ਼ਰਾਫ, ਅਕਸ਼ੈ ਖੰਨਾ, ਸੁਦੇਸ਼ ਬੈਰੀ, ਪੁਨੀਤ ਈਸਰ ਅਤੇ ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ, ਪੂਜਾ ਭੱਟ ਅਤੇ ਸ਼ਰਬਾਨੀ ਮੁਖਰਜੀ ਵਰਗੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
 

sunita

This news is Content Editor sunita