ਭਾਰਤ ਲਿਆਂਦਾ ਜਾਵੇਗਾ ਭਗੌੜਾ ਮਾਲਿਆ

12/11/2018 4:46:33 AM

ਲੰਡਨ – ਕਾਨੂੰਨ ਤੋਂ ਬਚ ਕੇ ਦੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਲਿਆਂਦੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਸੋਮਵਾਰ ਨੂੰ ਬ੍ਰਿਟੇਨ ਦੀ ਅਦਾਲਤ ਨੇ ਮਾਲਿਆ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸ ਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦੇ ਦਿੱਤਾ। ਇਸ ਸਮੇਂ ਬ੍ਰਿਟੇਨ ਵਿਚ ਰਹਿ ਰਹੇ 62 ਸਾਲਾ ਮਾਲਿਆ ਪਿਛਲੇ ਸਾਲ ਅਪ੍ਰੈਲ ਵਿਚ ਹਵਾਲਗੀ ਵਾਰੰਟ ’ਤੇ ਗ੍ਰਿਫਤਾਰੀ ਦੇ ਬਾਅਦ ਤੋਂ ਜ਼ਮਾਨਤ ’ਤੇ ਹੈ। ਉਸ ’ਤੇ ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਬਕਾਇਆ ਹੈ ਅਤੇ ਨਾਲ ਹੀ ਉਸ ’ਤੇ ਕਿੰਗਫਿਸ਼ਰ ਏਅਰਲਾਈਨ ਲਈ ਬੈਂਕਾਂ ਤੋਂ ਕਰਜ਼ੇ ਵਿਚ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ। ਇਹ ਏਅਰਲਾਈਨ ਬੰਦ ਹੋ ਚੁੱਕੀ ਹੈ। ਬ੍ਰਿਟੇਨ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਚੀਫ ਮੈਜਿਸਟਰੇਟ ਜੱਜ ਐਮਾ ਅਬੂਥਨੋਟ ਨੇ ਮਾਲਿਆ ਦੀ ਭਾਰਤ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਤਾਂ ਕਿ ਉਸ ਦੇ ਵਿਰੁੱਧ ਭਾਰਤੀ ਜਾਂਚ ਏਜੰਸੀਆਂ (ਸੀ. ਬੀ. ਆਈ.) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦੇ ਆਧਾਰ ’ਤੇ ਮੁਕੱਦਮਾ ਚਲਾਇਆ ਜਾ ਸਕੇ। ਮਾਲਿਆ ਨੂੰ ਭਾਰਤ ਨੂੰ ਸੌਂਪਣ ਦੀ ਅਰਜ਼ੀ ਨੂੰ ਮਾਲਿਆ ਨੇ ਚੁਣੌਤੀ ਦਿੱਤੀ ਸੀ ਅਤੇ ਇਹ ਬਹੁ-ਚਰਚਿਤ ਮਾਮਲਾ ਉਥੇ ਕਰੀਬ ਇਕ ਸਾਲ ਚੱਲਿਆ। ਮਾਲਿਆ ਨੇ ਦਲੀਲ ਦਿੱਤੀ ਸੀ ਕਿ ਉਸ ਨੇ ਬੈਂਕਾਂ ਨਾਲ ਕੋਈ ਹੇਰਾਫੇਰੀ ਜਾਂ ਚੋਰੀ ਨਹੀਂ ਕੀਤੀ ਹੈ। ਉਸ ਨੇ ਕਿਹਾ ਸੀ ਕਿ ਉਸ ਦੀ ਭਾਰਤੀ ਬੈਂਕਾਂ ਨੂੰ ਮੂਲ ਰਾਸ਼ੀ ਵਾਪਸ ਕਰਨ ਦੀ ਪੇਸ਼ਕਸ਼ ‘ਫਰਜ਼ੀ’ ਨਹੀਂ ਹੈ। ਬਚਾਅ ਪੱਖ ਦੇ ਵਕੀਲ ਨੇ ਮਨੁੱਖੀ ਅਧਿਕਾਰ ਦੇ ਆਧਾਰ ’ਤੇ ਮਾਲਿਆ ਦੀ ਹਵਾਲਗੀ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕਰਦੇ ਹੋਏ ਭਾਰਤ ਦੀਆਂ ਜੇਲਾਂ ਦੀ ਸਥਿਤੀ ਦਾ ਵਰਣਨ ਕੀਤਾ, ਇਸ ’ਤੇ ਜੱਜ ਨੇ  ਕਿਹਾ ਕਿ ਮੁੰਬਈ ਦੀ ਆਰਥਰ ਰੋਡ ਜੇਲ ਦੀ ਬੈਰਕ 12 ਦੇ ਵੀਡੀਓ ਜ਼ਰੀਏ ਉਥੋਂ ਦੀ ਤਸਵੀਰ ਵਿਖਾਈ ਗਈ ਹੈ ਅਤੇ ਉਸ ਨੂੰ ਹਾਲ ਵਿਚ ਨਵੇਂ ਸਿਰੇ ਤੋਂ ਦਰੁੱਸਤ ਕੀਤਾ ਗਿਆ ਹੈ।  ਜੇਲ ਦੇ ਇਸੇ ਹਿੱਸੇ ਵਿਚ 16/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਅਜ਼ਮਲ ਕਸਾਬ ਨੂੰ ਰੱਖਿਆ ਗਿਆ ਸੀ।

ਭਾਰਤ ਲਈ ਮਹਾਨ ਦਿਨ : ਜੇਤਲੀ-ਨਵੀਂ ਦਿੱਲੀ :  ਮਾਲਿਆ ਦੀ ਹਵਾਲਗੀ ਦੇ ਹੁਕਮ ਦੇ ਸੰਦਰਭ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਦੇ ਦਿਨ ਨੂੰ ਦੇਸ਼ ਲਈ ਮਹਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਏ. ਦੇ ਕਾਰਜਕਾਲ ਵਿਚ ਅਪਰਾਧੀਆਂ ਨੂੰ ਲਾਭ ਪਹੁੰਚਾਇਆ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਹੁਣ ਅੱਗੇ ਕੀ

ਕਾਨੂੰਨੀ ਮਾਹਰਾਂ ਅਨੁਸਾਰ ਬ੍ਰਿਟੇਨ ਦੀ ਸਰਕਾਰ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹੁੰਦੀ ਹੈ ਤਾਂ ਉਹ ਮਾਲਿਆ ਦੀ ਹਵਾਲਗੀ ਦਾ ਹੁਕਮ ਜਾਰੀ ਕਰੇਗੀ। ਇਸ ਫੈਸਲੇ  ਵਿਰੁੱਧ ਮਾਲਿਆ  ਕੋਲ 14 ਦਿਨਾ ਵਿਚ ਬ੍ਰਿਟੇਨ ਦੀ  ਹਾਈ ਕੋਰਟ ਵਿਚ ਅਪੀਲ ਕਰਨ ਦਾ ਅਧਿਕਾਰ ਹੋਵੇਗਾ। ਮਾਲਿਆ ਨੇ ਜੇਕਰ ਹਵਾਲਗੀ ਦੇ ਫੈਸਲੇ ਵਿਰੁੱਧ ਅਪੀਲ ਨਹੀਂ ਕੀਤੀ ਤਾਂ ਬ੍ਰਿਟੇਨ ਦੀ ਸਰਕਾਰ ਵਲੋਂ ਹੁਕਮ ਜਾਰੀ ਕਰਨ ਦੇ 28 ਦਿਨਾਂ ਵਿਚ ਉਸ ਦੀ ਹਵਾਲਗੀ ਕੀਤੀ ਜਾਵੇਗੀ। ਓਧਰ ਅਦਾਲਤ ਨੇ ਮਾਲਿਆ ਦੀ ਹਵਾਲਗੀ ਦਾ ਮਾਮਲਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਭੇਜ ਦਿੱਤਾ ਹੈ, ਜੋ ਇਸ ਫੈਸਲੇ ਦੇ ਆਧਾਰ ’ਤੇ ਫੈਸਲਾ ਦੇਣਗੇ।