ਇਜ਼ਰਾਇਲੀ ਪੀ.ਐੱਮ. ਨੇ ਹਿੰਦੀ ''ਚ ਟਵੀਟ ਕਰ ਕੇ ਦਿੱਤੀ ਦੀਵਾਲੀ ਦੀ ਵਧਾਈ

11/07/2018 9:39:29 AM

ਯੇਰੂਸ਼ਲਮ/ਨਵੀਂ ਦਿੱਲੀ (ਬਿਊਰੋ)— ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਭਾਰਤੀ ਪ੍ਰਧਾਨ ਮੰਤਰੀ ਅਤੇ ਆਪਣੇ ਦੋਸਤ ਨਰਿੰਦਰ ਮੋਦੀ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਭੇਜੀਆਂ ਹਨ। ਉਂਝ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਇਜ਼ਰਾਈਲ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਨਵੇਂ ਆਯਾਮ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਟਵੀਟ ਕਰ ਕੇ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਾਸੀਆਂ ਅਤੇ ਮੋਦੀ ਤੋਂ ਪੁੱਛਿਆ ਹੈ ਕਿ ਉਹ ਕਿੱਥੇ ਇਸ ਤਿਓਹਾਰ ਨੂੰ ਮਨਾ ਰਹੇ ਹਨ। ਇਸ ਸਵਾਲ ਦੇ ਜਵਾਬ ਵਿਚ ਪੀ.ਐੱਮ. ਮੋਦੀ ਨੇ ਇਜ਼ਰਾਇਲੀ ਭਾਸ਼ਾ ਹਿਬੂ ਵਿਚ ਵਿਚ ਟਵੀਟ ਕਰ ਕੇ ਜਵਾਬ ਦਿੱਤਾ। 

 

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਟਵੀਟ ਵਿਚ ਲਿਖਿਆ,''ਇਜ਼ਰਾਈਲ ਦੇ ਲੋਕਾਂ ਵੱਲੋਂ ਮੈਂ ਆਪਣੇ ਪਿਆਰੇ ਦੋਸਤ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਰੋਸ਼ਨੀ ਦੇ ਇਸ ਤਿਓਹਾਰ ਨਾਲ ਤੁਹਾਨੂੰ ਖੁਸ਼ੀ ਅਤੇ ਖੁਸ਼ਹਾਲੀ ਮਿਲੇ। ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇ ਤੁਸੀਂ ਇਸ ਟਵੀਟ ਦਾ ਜਵਾਬ ਉਸ ਸ਼ਹਿਰ ਦੇ ਨਾਮ ਨਾਲ ਦਿਓ ਜਿੱਥੇ ਤੁਸੀਂ ਇਹ ਤਿਓਹਾਰ ਮਨਾ ਰਹੇ ਹੋ।''

 

ਇਸ ਟਵੀਟ ਦੇ ਜਵਾਬ ਵਿਚ ਪੀ.ਐੱਮ.ਮੋਦੀ ਨੇ ਲਿਖਿਆ,''ਬੀਬੀ, ਮੇਰੇ ਪਿਆਰੇ ਦੋਸਤ। ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ। ਹਰੇਕ ਸਾਲ ਇਸ ਦਿਨ ਮੈਂ ਸਰੱਹਦੀ ਇਲਾਕਿਆਂ ਵਿਚ ਜਾਂਦਾ ਹਾਂ ਅਤੇ ਆਪਣੇ ਫੌਜੀਆਂ ਨਾਲ ਮਿਲਦਾ ਹਾਂ। ਇਸ ਸਾਲ ਵੀ ਮੈਂ ਬਹਾਦੁਰ ਫੌਜੀਆਂ ਨਾਲ ਸਮਾਂ ਗੁਜਾਰਾਂਗਾ। ਤੁਹਾਡੇ ਨਾਲ ਕੱਲ ਇਸ ਸਬੰਧੀ ਤਸਵੀਰਾਂ ਸ਼ੇਅਰ ਕਰਾਂਗਾ।''

ਪੀ.ਐੱਮ. ਮੋਦੀ ਹੀ ਨਹੀਂ, ਆਮ ਭਾਰਤੀ ਨਾਗਰਿਕ ਵੀ ਨੇਤਨਯਾਹੂ ਦੀਆਂ ਸ਼ੁੱਭਕਾਮਨਾਵਾਂ ਦੇ ਜਵਾਬ ਵਿਚ ਉਨ੍ਹਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਨ। ਗੌਰਤਲਬ ਹੈ ਕਿ ਪੀ.ਐੱਮ. ਮੋਦੀ ਕੇਦਾਰਨਾਥ ਵਿਚ ਦੀਵਾਲੀ ਮਨਾਉਣ ਵਾਲੇ ਹਨ। ਇਸ ਲਈ ਉਹ 7 ਨਵੰਬਰ ਨੂੰ ਹੀ ਕੇਦਾਰਨਾਥ ਪਹੁੰਚ ਸਕਦੇ ਹਨ। ਦੀਵਾਲੀ ਦੇ ਮੌਕੇ 'ਤੇ ਪੀ.ਐੱਮ. ਮੋਦੀ ਕੇਦਾਰਨਾਥ ਵਿਚ ਕਰੀਬ 400 ਮੀਟਰ ਉੱਚੀ ਧਿਆਨ ਗੁਫਾ ਸਮੇਤ ਕਈ ਚੀਜ਼ਾਂ ਦਾ ਦਰਸ਼ਨ ਕਰਨਗੇ।

Vandana

This news is Content Editor Vandana