ਭਾਰਤ ਸਣੇ ਇਨ੍ਹਾਂ ਦੇਸ਼ਾਂ ''ਚ ਹੈ ਪਟਾਕਿਆਂ ''ਤੇ ਬੈਨ, ਜਾਣੋ ਕਿਥੇ ਕੀ ਹਨ ਨਿਯਮ

Wednesday, Oct 24, 2018 - 06:15 PM (IST)

ਭਾਰਤ ਸਣੇ ਇਨ੍ਹਾਂ ਦੇਸ਼ਾਂ ''ਚ ਹੈ ਪਟਾਕਿਆਂ ''ਤੇ ਬੈਨ, ਜਾਣੋ ਕਿਥੇ ਕੀ ਹਨ ਨਿਯਮ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦੀਵਾਲੀ ਤੇ ਦੂਜੇ ਤਿਉਹਾਰਾਂ ਦੇ ਮੌਕੇ 'ਤੇ ਪਟਾਕੇ ਚਲਾਉਣ ਲਈ ਰਾਤ 8 ਵਜੇ ਤੋਂ 10 ਵਜੇ ਦਾ ਸਮ੍ਹਾ ਨਿਰਧਾਰਤ ਕਰਦੇ ਹੋਏ ਪੂਰੇ ਦੇਸ਼ 'ਚ ਘੱਟ ਪ੍ਰਦੂਸ਼ਣ ਕਰਨ ਵਾਲੇ ਗਰੀਨ ਪਟਾਕੇ ਬਣਾਉਣ ਦਾ ਅਧਿਕਾਰ ਦੇ ਦਿੱਤਾ ਹੈ। ਜਸਟਿਸ ਏ. ਕੇ. ਸੀਕਰੀ ਤੇ ਜਸਟਿਸ ਅਸ਼ੋਕ ਭੁਸ਼ਣ ਦੀ ਪੀਠ ਨੇ ਫਲਿਪਕਾਰਟ ਤੇ ਐਮਾਜ਼ੋਨ ਵਰਗੀਆਂ ਈ-ਵਾਪਾਰਕ ਵੈਬਸਾਇਟਾਂ ਦੇ ਉਨ੍ਹਾਂ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾਈ ਹੈ ਜਿਹੜੇ ਨਿਰਧਾਰਤ ਸੀਮਾ ਤੋਂ ਜ਼ਿਆਦਾ ਰੋਲਾ ਪਾਉਂਦੇ ਹਨ। ਸੁਪਰੀਮ ਅਦਾਲਤ ਨੇ ਹਵਾ ਪ੍ਰਦੂਸ਼ਣ 'ਤੇ ਕੰਟਰੋਲ ਦੇ ਮਕਸਦ ਨਾਲ ਦੇਸ਼ 'ਚ ਪਟਾਕਿਆਂ ਦੇ ਬਣਾਉਣ ਤੇ ਉਨ੍ਹਾਂ ਦੀ ਵਿਕਰੀ 'ਤੇ ਰੋਕ ਲਈ ਹੁਕਮ ਦਿੱਤੇ ਹਨ। 2 ਘੰਟੇ ਤਕ ਪਟਾਕਿਆਂ ਨੂੰ ਚਲਾਉਣ ਦੇ ਇਸ ਫੈਸਲੇ ਦੀ ਜਿਥੇ ਕਈਆਂ ਨੇ ਸਰਾਹਣਾ ਕੀਤੀ, ਉਥੇ ਹੀ ਕਈਆਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ। ਹਾਲਾਂਕਿ ਕੋਰਟ ਦਾ ਇਹ ਫੈਸਲਾ ਦੇਸ਼ 'ਚ ਫੈਲ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜਾਇਜ਼ ਹੈ ਪਰ ਕੋਰਟ ਦੇ ਇਸ ਫੈਸਲੇ ਦਾ ਲੋਕਾਂ 'ਤੇ ਕਿਸ ਹੱਦ ਤਕ ਅਸਰ ਹੁੰਦਾ ਹੈ ਉਹ ਤਾਂ ਦੀਵਾਲੀ 'ਤੇ ਦੇਖਣ ਨੂੰ ਮਿਲੇਗਾ। ਦੱਸਣਯੋਗ ਹੈ ਕਿ ਦੁਨਿਆ ਭਰ 'ਚ ਕਈ ਅਜਿਹੇ ਦੇਸ਼ ਵੀ ਹਨ ਜਿਥੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤੇ ਉਸ ਦੀ ਉਲੰਘਣਾ ਕਰਨ 'ਤੇ ਇਨ੍ਹਾਂ ਦੇਸ਼ਾਂ 'ਚ ਸਜ਼ਾ ਦਾ ਵੀ ਪ੍ਰਬੰਧ ਹੈ।
ਆਸਟਰੇਲੀਆ

ਰਾਜਧਾਨੀ ਸਿਡਨੀ ਦੇ ਕੁਝ ਲਾਇਸੈਂਸ ਪ੍ਰਾਪਤ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਇਥੇ ਹੋਰ ਕਿਸੇ ਨੂੰ ਵੀ ਪਟਾਕੇ ਚਲਾਉਣ ਦੀ ਛੋਟ ਨਹੀਂ ਹੈ। ਇਥੇ ਸਥਾਨਕ ਪ੍ਰਸ਼ਾਸਨ, ਏਵੀਏਸ਼ਨ ਅਥਾਰਟੀ, ਹਸਪਤਾਲ ਤੇ ਸਕੂਲਾਂ ਤੋਂ ਇਜਾਜ਼ਤ ਲੈ ਕੇ ਹੀ ਪਟਾਕੇ ਚਲਾ ਸਕਦੇ ਹਨ।
ਨੇਪਾਲ

ਭਗਵਾਨ ਰਾਮ ਦਾ ਸਬੰਧ ਨੇਪਾਲ ਨਾਲ ਵੀ ਹੈ ਕਿਉਂਕਿ ਇਥੇ ਉਨ੍ਹਾਂ ਦੇ ਸੌਹਰੇ ਸਨ। ਇਸ ਲਈ ਦੀਵਾਲੀ ਵਾਲੇ ਦਿਨ ਜਿਥੇ ਅਯੁੱਧਿਆ 'ਚ ਖੁਸ਼ੀ ਮਨਾਈ ਜਾਂਦੀ ਹੈ ਉਥੇ ਹੀ ਇਸ ਤਿਉਹਾਰ ਦੀਆਂ ਧੂੰਮਾਂ ਨੇਪਾਲ 'ਚ ਵੀ ਵੇਖਣ ਨੂੰ ਮਿਲਦੀਆਂ ਹਨ। ਇਥੇ 2006 'ਚ ਪਟਾਕਿਆਂ ਦੀ ਵਿਕਰੀ 'ਤੇ ਬੈਨ ਲਗਾ ਦਿੱਤਾ ਗਿਆ ਸੀ।
ਸਿੰਗਾਪੁਰ

ਮਾਰਚ 1970 'ਚ ਇਥੇ 6 ਲੋਕਾਂ ਦੇ ਮਾਰੇ ਜਾਣ ਦੇ ਹਾਦਸੇ ਤੋਂ ਬਾਅਦ ਸ਼ੱਕ ਦੇ ਤੌਰ 'ਤੇ ਪਟਾਕਿਆਂ 'ਤੇ ਬੈਨ ਲਗਾ ਦਿੱਤਾ ਗਿਆ ਸੀ। ਉਸ ਤੋਂ 2 ਸਾਲ ਬਾਅਦ ਅਗਸਤ 1972 'ਚ ਇਥੇ ਪਟਾਕਿਆਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਸੀ।  
ਪਾਕਿਸਤਾਨ

ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕਈ ਸੂਬਿਆਂ 'ਚ ਵਿਸਫੋਟ ਐਕਟ ਦੇ ਤਹਿਤ ਪਟਾਕਿਆਂ ਦੀ ਵਿਕਰੀ 'ਤੇ ਬੈਨ ਹੈ ਪਰ ਇਸ ਦੇ ਬਾਵਜੂਦ ਇਥੇ ਆਜ਼ਾਦੀ ਦਿਹਾੜੇ ਤੇ ਵਿਆਹ ਆਦਿ ਵਰਗੇ ਮੌਕਿਆਂ 'ਤੇ ਪਟਾਕੇ ਚਲਾਏ ਜਾਂਦੇ ਹਨ। 
ਚੀਨ

1990 'ਚ ਹੀ ਇਥੇ ਜ਼ਿਆਦਾਤਰ ਸ਼ਹਿਰੀ ਇਲਾਕਿਆਂ 'ਚ ਪਟਾਕਿਆਂ 'ਤੇ ਬੈਨ ਲਗਾ ਦਿੱਤਾ ਗਿਆ ਸੀ। ਹਾਲਾਂਕਿ ਨਵੇਂ ਸਾਲ ਦੇ ਮੌਕੇ 'ਤੇ ਕੁਝ ਲਾਇਸੈਂਸ ਪ੍ਰਾਪਤ ਸੰਸਥਾਵਾਂ ਨੂੰ ਕਰੈਕਰ ਸ਼ੋਅ ਕਰਨ ਦਾ ਅਧਿਕਾਰ ਹੈ। 
ਬ੍ਰਿਟੇਨ

ਇਥੇ ਰਾਤ 11 ਵਜੇ ਤੋਂ ਸਵੇਰੇ 7 ਵਜੇ ਤਕ ਪਟਾਕੇ ਚਲਾਉਣ 'ਤੇ ਬੈਨ ਹੈ। ਹਾਲਾਂਕਿ ਦੀਵਾਲੀ, ਚਾਇਨੀਜ਼ ਨਵੇਂ ਸਾਲ 'ਤੇ ਇਥੇ ਪਟਾਕੇ ਚਲਾਉਣ ਦੀ ਛੋਟ ਹੈ ਪਰ ਇਥੇ ਗਲੀਆਂ ਜਾਂ ਫਿਰ ਜਨਤਕ ਥਾਵਾਂ 'ਤੇ ਪਟਾਕੇ ਨਹੀਂ ਚਲਾ ਸਕਦੇ। ਇਥੇ ਸੈਕਸ਼ਨ 28 ਟਾਊਨ ਪੁਲਸ ਕਲੋਜ ਐਕਟ 1847 ਦੇ ਤਹਿਤ ਜਨਤਕ ਥਾਵਾਂ 'ਤੇ ਪਟਾਕੇ ਚਲਾਉਣ 'ਤੇ 90 ਪੋਂਡ ਦਾ ਜੁਰਮਾਨਾ ਹੈ।


Related News