ਬਾਰਾਮੂਲਾ ਅੱਤਵਾਦੀ ਹਮਲਾ: ਸ਼ਹੀਦਾਂ ਦੇ ਪਰਿਵਾਰਾਂ ਦੀ ਬਿਹਾਰ ਸਰਕਾਰ ਕਰੇਗੀ ਮਦਦ

08/19/2020 6:25:59 PM

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਦੋ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਹੈ। ਬਿਹਾਰ ਸਰਕਾਰ ਨੇ ਦੋਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 36 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। 


ਨਿਤੀਸ਼ ਕੁਮਾਰ ਨੇ ਬਾਰਾਮੂਲਾ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਖੁਰਸ਼ੀਦ ਖਾਨ ਅਤੇ ਲਵ ਕੁਸ਼ ਸ਼ਰਮਾ ਪ੍ਰਤੀ ਸੋਗ ਜ਼ਾਹਰ ਕੀਤਾ। ਉਨ੍ਹਾਂ ਨੇ ਬੁੱਧਵਾਰ ਯਾਨੀ ਕਿ ਅੱਜ ਦੋਹਾਂ ਦੀ ਸ਼ਹਾਦਤ ਦੇ ਸਨਮਾਨ 'ਚ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵਲੋਂ 11-11 ਲੱਖ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਦੋਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ 'ਚੋਂ 25-25 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸ਼ਹੀਦ ਦੇ ਪਰਿਵਾਰ ਤੋਂ ਇਕ-ਇਕ ਮੈਂਬਰ ਨੂੰ ਸੂਬਾ ਸਰਕਾਰ ਵਲੋਂ ਨੌਕਰੀ ਵੀ ਦਿੱਤੀ ਜਾਵੇਗੀ। 


ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਹੋਏ ਅੱਤਵਾਦੀ ਹਮਲੇ 'ਚ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਬਿਕ੍ਰਮਗੰਜ ਥਾਣਾ ਖੇਤਰ ਦੇ ਘੋਸ਼ੀਆ ਕਲਾਂ ਪਿੰਡ ਵਾਸੀ ਸੀ. ਆਰ. ਪੀ. ਐੱਫ. ਜਵਾਨ ਖੁਰਸ਼ੀਦ ਖਾਨ ਅਤੇ ਜਹਾਨਾਬਾਦ ਜ਼ਿਲ੍ਹੇ ਦੇ ਸ਼ਕੂਰਾਬਾਦ ਥਾਣਾ ਖੇਤਰ ਦੇ ਅਈਰਾ ਪਿੰਡ ਦੇ ਸੀ. ਆਰ. ਪੀ. ਐੱਫ. ਜਵਾਨ ਲਵ ਕੁਸ਼ ਸ਼ਰਮਾ ਸ਼ਹੀਦ ਹੋ ਗਏ ਸਨ।

Tanu

This news is Content Editor Tanu