ਦੇਸ਼ ਭਰ ਦੇ ਬੈਂਕ ਕਰਮਚਾਰੀ ਰਲੇਵੇਂ ਦੇ ਵਿਰੋਧ 'ਚ ਅੱਜ ਕਰਨਗੇ ਹੜਤਾਲ

10/22/2019 10:40:52 AM

ਨਵੀਂ ਦਿੱਲੀ — ਦੇਸ਼ ਭਰ ਦੇ ਕਈ ਬੈਂਕਾਂ ਦਾ ਕੰਮਕਾਜ ਅੱਜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਦਰਅਸਲ ਦੋ ਬੈਂਕ ਯੂਨੀਅਨਾਂ ਨੇ ਅੱਜ ਯਾਨੀ ਕਿ 22 ਅਕਤੂਬਰ ਨੂੰ 24 ਘੰਟੇ ਦੀ ਹੜਤਾਲ ਬੁਲਾਈ ਹੈ। ਕਰਮਚਾਰੀ ਸੰਗਠਨਾਂ ਦੇ ਇਸ ਐਲਾਨ ਨਾਲ ਤਿਉਹਾਰੀ ਸੀਜ਼ਨ 'ਚ ਇਸ ਨਾਲ ਬੈਂਕਾਂ ’ਚ ਕੰਮ-ਕਾਜ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ। ਇਸ ਤੋਂ ਇਲਾਵਾ ਦੀਵਾਲੀ ਦੀਆਂ ਛੁੱਟੀਆਂ ਦੇ ਕਾਰਨ ਵੀ ਅਗਲੇ ਹਫਤੇ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ।   ਭਾਰਤੀ ਸਟੇਟ ਬੈਂਕ ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਇਸ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਜਨਤਕ ਖੇਤਰ ਦੇ ਕਈ ਬੈਂਕਾਂ ਦੇ ਰਲੇਵੇਂ ਅਤੇ ਜਮ੍ਹਾ ਰਾਸ਼ੀ ’ਤੇ ਦਰਾਂ ’ਚ ਗਿਰਾਵਟ ਦੇ ਵਿਰੋਧ ’ਚ ਯੂਨੀਅਨਾਂ ਨੇ ਇਕ ਦਿਨ ਦੀ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ।

ਹੜਤਾਲ ਦਾ ਐਲਾਨ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਅਤੇ ਬੈਂਕ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ (ਬੀ. ਈ. ਐੱਫ. ਆਈ.) ਨੇ ਕੀਤਾ ਹੈ। ਹਾਲਾਂਕਿ ਅਧਿਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ ਹੜਤਾਲ ’ਚ ਸ਼ਾਮਲ ਨਹੀਂ ਹੋਣਗੇ।

SBI ਨੇ ਕਿਹਾ-ਨਹੀਂ ਹੋਵੇਗਾ ਜ਼ਿਆਦਾ ਅਸਰ

ਭਾਰਤੀ ਸਟੇਟ ਬੈਂਕ ਨੂੰ ਉਮੀਦ ਹੈ ਕਿ ਇਸ ਹੜਤਾਲ ਦਾ ਬੈਂਕ ਦੇ ਗਾਹਕਾਂ 'ਤੇ ਜ਼ਿਆਦਾ ਅਸਰ ਨਹੀਂ ਹੋਵੇਗਾ। ਸਟੇਟ ਬੈਂਕ ਮੁਤਾਬਕ ਬੈਂਕ ਦੇ ਬਹੁਤ ਹੀ ਘੱਟ ਅਜਿਹੇ ਕਰਮਚਾਰੀ ਹਨ ਜਿਹੜੇ ਕਿ ਹੜਤਾਲ ਕਰਨ ਵਾਲੀ ਯੂਨੀਅਨ ਦਾ ਹਿੱਸਾ ਹਨ। ਇਸ ਕਾਰਨ ਹੜਤਾਲ ਦਾ ਬੈਂਕ ਦੇ ਕੰਮਕਾਜ 'ਤੇ ਬਹੁਤ ਘੱਟ ਅਸਰ ਹੋਵੇਗਾ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਦੱਸਿਆ ਕਿ ਇਸ ਹੜਤਾਲ ਨਾਲ ਕਿੰਨਾ ਨੁਕਸਾਨ ਹੋਵੇਗਾ ਇਸ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ ਹੈ।

ਬੈਂਕ ਆਫ ਬੜੌਦਾ ਨੇ ਕੀਤਾ ਅਲਰਟ

ਇਸ ਦੌਰਾਨ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ ਉਹ ਹੜਤਾਲ ਦੇ ਦਿਨ ਆਪਣੀਆਂ ਸਾਰੀਆਂ ਸ਼ਾਖਾਵਾਂ ਅਤੇ ਦਫਤਰਾਂ 'ਚ ਕੰਮਕਾਜ ਆਮ ਵਾਂਗ ਜਾਰੀ ਰੱਖਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਇਸ ਦੇ ਨਾਲ ਹੀ ਬੈਂਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕ ਦੀਆਂ ਸ਼ਾਖਾਵਾਂ ਅਤੇ ਦਫਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦਾ ਹੈ।

ਦੀਵਾਲੀ 'ਤੇ ਵੀ ਬੰਦ ਰਹਿਣ ਵਾਲੇ ਹਨ ਬੈਂਕ

22 ਅਕਤੂਬਰ ਤੋਂ ਇਲਾਵਾ 26 ਅਕਤੂਬਰ ਨੂੰ ਸ਼ਨੀਵਾਰ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਵੀ ਹੈ। ਇਸ ਲਈ 27 ਅਕਤੂਬਰ ਨੂੰ ਵੀ ਬੈਂਕ 'ਚ ਛੁੱਟੀ ਹੋਵੇਗੀ। ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 29 ਅਕਤੂਬਰ ਨੂੰ ਭਾਈ ਦੂਜ ਦੇ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਬੈਂਕ ਨਹੀਂ ਖੁੱਲਣਗੇ।

ਬੈਂਕ ਦੇ ਰਲੇਵੇਂ ਦੇ ਵਿਰੋਧ 'ਚ ਹੜਤਾਲ 

ਜ਼ਿਕਰਯੋਗ ਹੈ ਕਿ ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਅਤੇ ਭਾਰਤੀ ਬੈਂਕ ਕਰਮਚਾਰੀ ਯੂਨੀਅਨ ਨੇ 22 ਅਕਤਬੂਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਹ ਹੜਤਾਲ ਸਰਕਾਰ ਦੇ 10 ਬੈਂਕਾਂ ਦੇ ਰਲੇਵੇਂ ਦੇ ਵਿਰੋਧ 'ਚ ਬੁਲਾਈ ਗਈ ਹੈ। ਇਸ ਰਲੇਵੇਂ ਦੇ ਬਾਅਦ 4 ਨਵੇਂ ਬੈਂਕ ਵਜੂਦ 'ਚ ਆ ਜਾਣਗੇ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਇਟਿਡ ਬੈਂਕ ਦਾ ਰਲੇਵਾਂ ਕਰਕੇ ਇਸ ਨੂੰ ਦੇਸ਼ ਦਾ ਤੀਜਾ ਵੱਡਾ ਬੈਂਕ ਬਣਾਇਆ ਜਾਵੇਗਾ। ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਇਕ 'ਚ ਮਿਲਾ ਕੇ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਬੈਂਕ ਬਣਾਇਆ ਜਾਵੇਗਾ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਰਕੇ ਦੇਸ਼ ਦਾ ਸੱਤਵਾਂ ਸਭ ਤੋਂ ਵੱਡਾ ਬੈਂਕ ਬਣਾਇਆ ਜਾਵੇਗਾ। ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਕਰਕੇ ਇਸ ਨੂੰ ਦੇਸ਼ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣਇਆ ਜਾਵੇਗਾ।