ਇਕ ਅਜਿਹਾ ਬੈਂਕ, ਜਿੱਥੇ ਚੱਲਦੀ ਹੈ ਸਿਰਫ ਭਗਵਾਨ ਰਾਮ ਦੀ ਮੁਦਰਾ

01/21/2019 4:15:43 PM

ਪ੍ਰਯਾਗਰਾਜ— ਕੁੰਭ 'ਚ ਬਿਨਾਂ ਕਿਸੇ ਏ.ਟੀ.ਐੱਮ. ਜਾਂ ਚੈੱਕ ਬੁੱਕ ਵਾਲਾ ਇਕ ਅਜਿਹਾ ਅਨੋਖਾ ਬੈਂਕ ਸੇਵਾਵਾਂ ਦੇ ਰਿਹਾ ਹੈ, ਜਿੱਥੇ ਸਿਰਫ ਭਗਵਾਨ ਰਾਮ ਦੀ ਮੁਦਰਾ ਚੱਲਦੀ ਹੈ ਅਤੇ ਵਿਆਜ਼ ਦੇ ਰੂਪ 'ਚ ਅੰਦਰੂਨੀ ਸ਼ਾਂਤੀ ਮਿਲਦੀ ਹੈ। ਇਹ ਅਜਿਹਾ ਬੈਂਕ ਹੈ, ਜਿਸ 'ਚ ਅੰਦਰੂਨੀ ਸ਼ਾਂਤੀ ਦੀ ਤਲਾਸ਼ ਕਰ ਰਹੇ ਲੋਕ ਕਰੀਬ ਇਕ ਸਦੀ ਤੋਂ ਕਿਤਾਬਾਂ 'ਚ ਭਗਵਾਨ ਰਾਮ ਦਾ ਨਾਂ ਲਿਖ ਕੇ ਜਮ੍ਹਾ ਕਰਵਾ ਰਹੇ ਹਨ। ਇਸ ਅਨੋਖੇ ਬੈਂਕ ਦਾ ਪ੍ਰੰਬਧਨ ਦੇਖਣ ਵਾਲੇ ਆਸ਼ੂਤੋਸ਼ ਬਾਸ਼ਰਨੇਯ ਦੇ ਦਾਦਾ ਨੇ 20ਵੀਂ ਸਦੀ ਦੀ ਸ਼ੁਰੂਆਤ 'ਚ ਸੰਗਠਨ ਦੀ ਸਥਾਪਨਾ ਕੀਤੀ ਸੀ। ਆਸ਼ੂਤੋਸ਼ ਆਪਣੇ ਦਾਦਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਆਸ਼ੂਤੋਸ਼ ਨੇ ਕੁੰਭ ਮੇਲੇ ਦੇ ਸੈਕਟਰ 6 'ਚ ਆਪਣਾ ਕੈਂਪ ਲਗਾਇਆ ਹੈ। ਉਨ੍ਹਾਂ ਨੇ ਕਿਹਾ,''ਇਸ ਬੈਂਕ ਦੀ ਸਥਾਪਨਾ ਮੇਰੇ ਦਾਦਾ ਈਸ਼ਵਰ ਚੰਦਰ ਨੇ ਕੀਤੀ ਸੀ, ਜੋ ਕਾਰੋਬਾਰੀ ਸੀ। ਹੁਣ ਇਸ ਬੈਂਕ 'ਚ ਵੱਖ-ਵੱਖ ਉਮਰ ਅਤੇ ਧਰਮਾਂ ਦੇ ਇਕ ਲੱਖ ਤੋਂ ਵਧ ਖਾਤਾ ਧਾਰਕ ਹਨ। ਉਨ੍ਹਾਂ ਨੇ ਸੋਮਵਾਰ ਨੂੰ ਦੱਸਿਆ,''ਇਹ ਬੈਂਕ ਇਕ ਸਮਾਜਿਕ ਸੰਗਠਨ ਰਾਮ ਨਾਂ ਸੇਵਾ ਸੰਸਥਾ ਦੇ ਅਧੀਨ ਚੱਲਦਾ ਹੈ ਅਤੇ ਘੱਟੋ-ਘੱਟ 9 ਕੁੰਭ ਮੇਲਿਆਂ 'ਚ ਇਸ ਨੂੰ ਸਥਾਪਤ ਕੀਤਾ ਜਾ ਚੁੱਕਿਆ ਹੈ। ਬੈਂਕ 'ਚ ਕੋਈ ਮੁਦਰਾ ਲੈਣ-ਦੇਣ ਨਹੀਂ ਹੁੰਦਾ। ਇਸ ਦੇ ਮੈਂਬਰਾਂ ਕੋਲ ਇਕ ਕਿਤਾਬ ਹੁੰਦੀ ਹੈ, ਜਿਸ 'ਚ 108 ਕਾਲਮਾਂ 'ਚ ਉਹ ਹਰ 108 ਵਾਰ ਰਾਮ ਦਾ ਨਾਂ ਲਿਖਦੇ ਹਨ। ਇਹ ਕਿਤਾਬ ਵਿਅਕਤੀ ਦੇ ਖਾਤੇ 'ਚ ਜਮ੍ਹਾ ਕੀਤੀ ਜਾਂਦੀ ਹੈ।

ਉਨ੍ਹਾਂ ਨ ਕਿਹਾ ਕਿ ਭਗਵਾਨ ਰਾਮ ਦਾ ਨਾਂ ਲਾਲ ਸਿਆਹੀ ਨਾਲ ਲਿਖਿਆ ਜਾਂਦਾ ਹੈ, ਕਿਉਂਕਿ ਇਹ ਰੰਗ ਪ੍ਰੇਮ ਦਾ ਪ੍ਰਤੀਕ ਹੈ। ਬੈਂਕ ਦੀ ਚੇਅਰਪਰਸਨ ਗੂੰਜਨ ਵਾਸ਼ਰਨੇਯ ਨੇ ਕਿਹਾ,''ਖਾਤਾਧਾਰਕ ਦੇ ਖਾਤੇ 'ਚ ਭਗਵਾਨ ਰਾਮ ਦਾ ਨਾਂ ਜਮ੍ਹਾ ਹੁੰਦਾ ਹੈ। ਹੋਰ ਬੈਂਕਾਂ ਦੀ ਤਰ੍ਹਾਂ ਪਾਸਬੁੱਕ ਜਾਰੀ ਕੀਤੀ ਜਾਂਦੀ ਹੈ। ਇਹ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਬੈਂਕ 'ਚ ਸਿਰਫ ਭਗਵਾਨ ਰਾਮ ਦੀ ਮੁਦਰਾ ਹੀ ਚੱਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਮ ਨਾਂ ਨੂੰ ਲਿਖਤੀ ਜਾਪ ਕਿਹਾ ਜਾਂਦਾ ਹੈ। ਇਸ ਨੂੰ ਲਿਖਤੀ ਧਿਆਨ ਲਗਾਉਣਾ ਕਹਿੰਦੇ ਹਨ। ਰਾਮ ਨਾਂ ਲਿਖਣ ਨਾਲ ਅੰਦਰੂਨੀ ਸ਼ਾਂਤੀ ਮਿਲਦੀ ਹੈ। ਸਾਰੀਆਂ ਇੰਦਰੀਆਂ ਭਗਵਾਨ ਦੀ ਸੇਵਾ 'ਚ ਲੱਗ ਜਾਂਦੀਆਂ ਹਨ। ਆਸ਼ੂਤੋਸ਼ ਨੇ ਕਿਹਾ ਕਿ ਸਿਰਫ ਕਿਸੇ ਇਕ ਧਰਮ ਦੇ ਲੋਕ ਹੀ ਨਹੀਂ ਸਗੋਂ ਵੱਖ-ਵੱਖ ਧਰਮਾਂ ਦੇ ਲੋਕ ਉਰਦੂ, ਅੰਗਰੇਜ਼ੀ ਅਤੇ ਬੰਗਾਲੀ 'ਚ ਭਗਵਾਨ ਰਾਮ ਦਾ ਨਾਂ ਲਿਖਦੇ ਹਨ। ਈਸਾਈ ਧਰਮ ਦੀ ਪਾਲਣਾ ਕਰਨ ਵਾਲੇ ਪੀਟਰਸਨ ਦਾਸ (55), ਸਾਲ 2012 ਤੋਂ ਭਗਵਾਨ ਰਾਮ ਦਾ ਨਾਂ ਲਿਖ ਰਹੇ ਹਨ। ਉਨ੍ਹਾਂ ਨੇ ਕਿਹਾ,''ਈਸ਼ਵਰ ਇਕ ਹੈ, ਭਾਵੇਂ ਹੀ ਉਹ ਰਾਮ ਹੋਵੇ, ਅੱਲਾਹ ਹੋਵੇ, ਯੀਸ਼ੂ ਹੋਵੇ ਜਾਂ ਨਾਨਕ ਹੋਵੇ। 5 ਸਾਲਾਂ ਤੋਂ ਇਸ ਬੈਂਕ ਨਾਲ ਜੁੜੇ ਸਰਦਾਰ ਪ੍ਰਿਥਵੀਲਾਲ ਸਿੰਘ (50) ਨੇ ਕਿਹਾ,''ਭਗਵਾਨ ਰਾਮ ਅਤੇ ਗੁਰੂ ਗੋਬਿੰਦ ਸਿੰਘ ਮਹਾਨ ਸਨ। ਉਨ੍ਹਾਂ ਦੇ ਵਿਚਾਰਾਂ ਦਾ ਅਨੁਸਰਨ ਕਰਨਾ ਹਰ ਮਨੁੱਖ ਦਾ ਕਰਤੱਵ ਹੈ।

DIsha

This news is Content Editor DIsha