ਬਿਨਾਂ ਮਦਦ ਦੇ 5 ਦਿਨ ਸਮੁੰਦਰ ''ਚ ਜਿਉਂਦਾ ਰਿਹਾ ਇਹ ਸ਼ਖਸ

07/16/2019 6:13:08 PM

ਪੱਛਮੀ ਬੰਗਾਲ— ਕਹਿੰਦੇ ਨੇ ਔਖੇ ਸਮੇਂ 'ਚ ਜੇਕਰ ਥੋੜ੍ਹੇ ਜਿਹੇ ਸਾਹਸ ਤੋਂ ਕੰਮ ਲਿਆ ਜਾਵੇ ਤਾਂ ਮੁਸ਼ਕਲਾਂ ਗੋਡੇ ਟੇਕ ਦਿੰਦੀਆਂ ਹਨ। ਕੁਝ ਇਸ ਤਰ੍ਹਾਂ ਦਾ ਸਾਹਸ ਕੀਤਾ ਹੈ, ਰਬਿੰਦਰਨਾਥ ਦਾਸ ਨੇ। ਪੱਛਮੀ ਬੰਗਾਲ ਦੇ ਰਬਿੰਦਰਨਾਥ ਦਾਸ ਨੂੰ 5 ਦਿਨ ਤਕ ਸਮੁੰਦਰ ਵਿਚ ਫਸੇ ਰਹਿਣ ਤੋਂ ਬਾਅਦ ਬਚਾਅ ਲਿਆ ਗਿਆ। 5 ਦਿਨ ਬਿਨਾਂ ਭੋਜਨ ਅਤੇ ਲਾਈਫ ਜੈਕਟ ਦੇ ਦਾਸ ਖੁਦ ਨੂੰ ਬੰਗਾਲ ਦੀ ਖਾੜੀ ਵਿਚ ਜਿਉਂਦਾ ਰੱਖਣ ਵਿਚ ਸਫਲ ਰਿਹਾ। ਇਸ ਦੌਰਾਨ ਉਸ ਕੋਲ ਤੇਲ ਦੇ ਖਾਲੀ ਡਰੰਮ ਅਤੇ ਬਾਂਸ ਦੇ ਖੰਭੇ ਦਾ ਸਹਾਰਾ ਸੀ। ਰਬਿੰਦਰਨਾਥ ਦਾਸ ਮੱਛੀ ਫੜਨ ਵਾਲੀ ਕਿਸ਼ਤੀ ਦੇ ਵਹਿ ਜਾਣ ਤੋਂ ਬਾਅਦ ਬੰਗਾਲ ਦੀ ਖਾੜੀ ਵਿਚ ਫਸ ਗਿਆ ਸੀ।

ਉਸ ਨੂੰ ਬੰਗਲਾਦੇਸ਼ ਦੇ ਇਕ ਜਹਾਜ਼ ਨੇ ਚਿਤਾਗੋਂਗ ਤੱਟ ਤੋਂ ਬਚਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਕੋਲਕਾਤਾ ਲਿਆਂਦਾ ਗਿਆ। ਸਮੁੰਦਰ ਵਿਚ ਖਰਾਬ ਮੌਸਮ ਦੀ ਵਜ੍ਹਾ ਕਰ ਕੇ ਉਸ ਨੂੰ ਬੇਹੱਦ ਮੁਸ਼ਕਲ ਹਾਲਾਤ ਵਿਚ ਰਹਿਣਾ ਪਿਆ। ਇਸ ਦੌਰਾਨ ਉਸ ਨੇ ਸਿਰਫ ਬਾਰਿਸ਼ ਦੇ ਪਾਣੀ ਨਾਲ ਆਪਣੀ ਪਿਆਸ ਬੁਝਾਈ। 6 ਜੁਲਾਈ ਨੂੰ ਉਸ ਦੀ ਕਿਸ਼ਤੀ ਵਹਿ ਗਈ ਸੀ।

 

10 ਜੁਲਾਈ ਨੂੰ ਉਸ ਨੂੰ ਰੈਸਕਿਊ ਕੀਤਾ ਗਿਆ। ਦਰਅਸਲ ਪੱਛਮੀ ਬੰਗਾਲ ਦੇ ਨਾਰਾਇਣਪੁਰ ਦੇ ਰਹਿਣ ਵਾਲਾ ਦਾਸ 14 ਮਛੇਰਿਆਂ ਨਾਲ ਸਮੁੰਦਰ ਵਿਚ ਦੂਰ ਮੱਛੀਆਂ ਫੜਨ ਗਿਆ ਸੀ ਪਰ ਕਿਸ਼ਤੀ ਦੇ ਪਲਟਣ ਦੌਰਾਨ ਦਾਸ ਅਤੇ 11 ਹੋਰ ਸਾਥੀਆਂ ਨੇ ਸਮੁੰਦਰ ਵਿਚ ਛਾਲ ਮਾਰ ਦਿੱਤੀ ਸੀ। 11 ਮਛੇਰੇ ਅਗਲੇ ਕੁਝ ਦਿਨਾਂ ਵਿਚ ਇਕ-ਇਕ ਕਰ ਕੇ ਸਮੁੰਦਰ ਵਿਚ ਵਹਿ ਗਏ ਪਰ ਦਾਸ ਨੇ ਗਜਬ ਦਾ ਸਾਹਸ ਦਿਖਾਇਆ ਅਤੇ ਖੁਦ ਨੂੰ ਜ਼ਿੰਦਾ ਰੱਖਿਆ। ਉਸ ਨੇ ਤੇਲ ਦੇ ਖਾਲੀ ਕੀਤੇ ਗਏ ਡਰੰਮ ਨੂੰ ਇਕ ਬਾਂਸ ਦੇ ਸਹਾਰੇ ਬੰਨ੍ਹ ਰੱਖਿਆ ਸੀ।

Tanu

This news is Content Editor Tanu