ਮੋਦੀ ਦੇ ਸਹੁੰ ਚੁੱਕ ਸਮਾਗਮ ''ਚ ਬੰਗਲਾਦੇਸ਼ ਦੇ ਰਾਸ਼ਟਰਪਤੀ ਹੋਣਗੇ ਸ਼ਾਮਲ

05/28/2019 5:37:09 PM

ਢਾਕਾ/ਨਵੀਂ ਦਿੱਲੀ (ਭਾਸ਼ਾ)— ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁੱਲ ਹਾਮਿਦ ਆਪਣੀ 3 ਦਿਨੀਂ ਭਾਰਤ ਯਾਤਰਾ ਦੌਰਾਨ 30 ਮਈ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁਕਤੀ ਸੰਗਰਾਮ ਮਾਮਲਿਆਂ ਦੇ ਮੰਤਰੀ ਏ.ਕੇ.ਐੱਮ. ਮੋਜ਼ਮੱਲ ਹੱਕ ਸੀਨੀਅਰ ਕੈਬਨਿਟ ਮੰਤਰੀ ਹੋਣ ਦੇ ਨਾਤੇ ਰਾਸ਼ਟਰਪਤੀ ਨਾਲ ਭਾਰਤ ਜਾਣਗੇ। 

ਅਧਿਕਾਰੀਆਂ ਨੇ ਦੱਸਿਆ ਕਿ ਇਹ ਦੂਜਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣੇ ਭਾਰਤੀ ਹਮਰੁਤਬਾ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਬੰਗਲਾਦੇਸ਼ ਦੀ ਨੁਮਾਇੰਦਗੀ ਨਹੀਂ ਕਰ ਪਾਵੇਗੀ। ਉਹ 2014 ਵਿਚ ਵਿਚ ਵੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੀ ਸੀ ਕਿਉਂਕਿ ਉਸ ਸਮੇਂ ਵੀ ਵਿਦੇਸ਼ੀ ਦੌਰੇ 'ਤੇ ਸੀ। ਪਿਛਲੀ ਵਾਰ ਸੰਸਦ ਪ੍ਰਧਾਨ ਸ਼ਿਰੀਨ ਸ਼ਰਮੀਨ ਚੌਧਰੀ ਨੇ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲਿਆ ਸੀ। ਰਾਸ਼ਟਰਪਤੀ ਭਵਨ ਦੇ ਬੁਲਾਰੇ ਮੁਤਾਬਕ ਰਾਸ਼ਟਰਪਤੀ ਹਾਮਿਦ 29 ਤੋਂ 31 ਮਈ ਤੱਕ ਭਾਰਤ ਦੇ ਦੌਰੇ 'ਤੇ ਰਹਿਣਗੇ ਅਤੇ ਆਪਣੇ ਭਾਰਤੀ ਹਮਰੁਤਬਾ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ।

Vandana

This news is Content Editor Vandana