ਬੈਂਗਲੁਰੂ ਨੇ IPL ਮੈਚਾਂ ਦੀ ਮੇਜ਼ਬਾਨੀ ਤੋਂ ਕੀਤੀ ਤੌਬਾ, ਕੇਂਦਰ ਸਰਕਾਰ ਨੂੰ ਲਿਖੀ ਚਿੱਠੀ!

03/10/2020 4:10:06 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੀਜ਼ਨ 13 ਦਾ ਆਗਾਜ਼ 29 ਮਾਰਚ ਤੋਂ ਹੋਣ ਵਾਲਾ ਹੈ ਅਤੇ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ ਪਰ ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ. 2020 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਕਰਨਾਟਕ ਸਰਕਾਰ ਨੇ ਬੈਂਗਲੁਰੂ ਵਿਚ ਆਈ. ਪੀ. ਐੱਲ. ਮੈਚਾਂ ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਵੀ ਆਈ. ਪੀ. ਐੱਲ. ਮੁਲਤਵੀ ਕਰਨ ਦੀ ਗੱਲ ਕਹੀ ਸੀ।

ਇਕ ਲੋਕਸ ਨਿਊਜ਼ ਚੈਨਲ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਕਰਨਾਟਕ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿੱਖ ਕੇ ਆਈ. ਪੀ. ਐੱਲ. ਨੂੰ ਮੁਲਤਵੀ ਕਰਨ ਦੀ ਗੱਲ ਕਹੀ ਹੈ। ਰਿਪੋਰਟਸ ਵਿਚ ਅੱਗੇ ਕਿਹਾ ਗਿਆ ਹੈ ਕਿ ਕਰਨਾਟਕ ਸਰਕਾਰ ਨੇ ਵੀ ਆਈ. ਪੀ. ਐੱਲ. ਮੈਚਾਂ ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਹੈ। ਕਰਨਾਟਕ ਵਿਚ ਆਈ. ਪੀ. ਐੱਲ. ਮੈਚ ਨਾ ਕਰਵਾਉਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਉੱਥੇ ਦੇ ਮੈਡੀਕਲ ਸਿੱਖਿਆ ਮੰਤਰੀ ਕੇ. ਸੁਧਾਕਰ ਮੁਤਾਬਕ ਸੋਮਵਾਰ ਨੂੰ ਬੈਂਗਲੁਰੂ ਦਾ ਨਿਵਾਸੀ ਜੋ ਅਮਰੀਕਾ ਤੋਂ ਪਰਤਿਆ ਹੈ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੈ। ਰਿਪੋਰਟਸ ਮੁਤਾਬਕ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਕਤ ਵਿਅਕਤੀ 2,666 ਲੋਕਾਂ ਨੂੰ ਮਿਲਿਆ ਹੈ। ਉਕਤ ਵਿਅਕਤੀ ਨੂੰ ਬੈਂਗਲੁਰੂ ਦੇ ਰਜੀਵ ਗਾਂਧੀ ਇੰਸਚਿਟਿਊਟ ਆਫ ਚੈਸਟ ਡਿਸੀਜ਼ ਵਿਚ ਰੱਖਿਆ ਗਿਆ ਹੈ।

ਬੈਂਗਲੁਰੂ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਘਰ ਹੈ ਅਤੇ ਉਸ ਦੇ ਸਾਰੇ ਘਰੇਲੂ ਮੈਚ ਇੱਥੇ ਚਿੰਨ੍ਹਾਸਵਾਮੀ ਸਟੇਡੀਅਮ ਵਿਚ ਹੀ ਹੋਣਗੇ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕੋਰੋਨਾ ਵਾਇਰਸ ਦੇ ਕਹਿਰ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਆਈ. ਪੀ. ਐੱਲ. ਦਾ ਆਯੋਜਨ ਬਾਅਦ ਵਿਚ ਵੀ ਕੀਤਾ ਜਾ ਸਕਦਾ ਹੈ। ਟੋਪੇ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਵੱਡੀ ਗਿਣਤੀ ਵਿਚ ਲੋਕ ਇਕ ਜਗ੍ਹਾ ਇਕੱਠੇ ਹੁੰਦੇ ਹਨ ਤਾਂ ਇਨਫੈਕਸ਼ਨ ਜ਼ਿਆਦਾ ਫੈਲਣ ਦਾ ਡਰ ਬਣਿਆ ਰਹੇਗਾ। ਇਸ ਲਈ ਇਸ ਨੂੰ ਬਾਅਦ ਵਿਚ ਆਯੋਜਿਤ ਕਰਨਾ ਚਾਹੀਦਾ ਹੈ।

ਕਰਨਾਟਕ ਸਰਕਾਰ ਦੇ ਇਸ ਕਦਮ ਤੋਂ ਬਾਅਦ ਹੁਣ ਇਹ ਦੇਖਣਾ ਬਾਕੀ ਹੈ ਕਿ ਬੀ. ਸੀ. ਸੀ. ਆਈ. ਇਸ 'ਤੇ ਕੀ ਰਵੱਈਆ ਅਪਣਾਉਂਦਾ ਹੈ। ਅਜੇ ਤਕ ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਦੇ ਲਈ ਚੀਜ਼ਾਂ ਚੰਗੀਆਂ ਨਹੀਂ ਦਿਸ ਰਹੀਆਂ ਹਨ। ਉੱਥੇ ਹੀ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਹਾਲ ਹੀ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟੂਰਨਾਮੈਂਟ ਤੈਅ ਸਮੇਂ ਮੁਤਾਬਕ ਅੱਗੇ ਵਧੇਗਾ।