ਡੇਰਾ ਮੁਖੀ ਨੇ ਮੇਰੀ ਹੱਤਿਆ ਲਈ ਦਿੱਤੀ ਸੀ ਸੁਪਾਰੀ : ਦਾਦੂਵਾਲ

07/06/2018 6:49:14 AM

ਸਿਰਸਾ (ਇੰਟ.)  - ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਸਰਬੱਤ ਖਾਲਸਾ ਵਲੋਂ ਸ੍ਰੀ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਅਸਲ 'ਚ ਇਕ ਗੁੰਮਰਾਹਕੁੰਨ ਸੌਦਾ ਹੈ। ਇਸ ਦੀ ਡੂੰਘਾਈ ਨਾਲ ਜਾਂਚ ਹੋਵੇ ਤਾਂ ਕਈ ਹੋਰ ਸੱਚ ਸਾਹਮਣੇ ਆ ਸਕਦੇ ਹਨ। ਇਥੇ ਗੁਰਦੁਆਰਾ ਸ੍ਰੀ ਦਸਵੀਂ ਪਾਤਸ਼ਾਹੀ ਵਿਖੇ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਨਸਾਨੀਅਤ ਦੀ ਆੜ 'ਚ ਗੈਰ-ਕਾਨੂੰਨੀ ਕੰਮ ਕਰਦਾ ਸੀ। ਹੁਣ ਇਸ ਸਬੰਧੀ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਸ ਲਈ ਇਹ ਡੇਰਾ ਸੱਚਾ ਸੌਦਾ ਨਹੀਂ ਸਗੋਂ ਡੇਰਾ ਝੂਠਾ ਸੌਦਾ ਹੈ। ਡੇਰਾ ਮੁਖੀ ਮੇਰੀ ਹੱਤਿਆ ਕਰਵਾਉਣੀ ਚਾਹੁੰਦਾ ਸੀ ਤਾਂ ਕਿ ਮੈਂ ਸਿੱਖ ਧਰਮ ਦਾ ਪ੍ਰਚਾਰ ਨਾ ਕਰ ਸਕਾਂ।
ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ 'ਚ ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ  ਹੈ ਕਿ ਡੇਰਾ ਸੱਚਾ ਸੌਦਾ ਮੁਖੀ ਨੇ ਮੇਰੀ ਹੱਤਿਆ ਲਈ ਉਨ੍ਹਾਂ ਨੂੰ ਸੁਪਾਰੀ ਦਿੱਤੀ ਸੀ। ਗੁਰਮੀਤ ਰਾਮ ਰਹੀਮ ਨੇ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਸਨ। ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਜੋ ਰਿਪੋਰਟ ਸੌਂਪੀ ਹੈ, ਉਸ 'ਚ ਵੀ ਇਸ ਗੱਲ ਦਾ ਜ਼ਿਕਰ ਹੈ। ਦਾਦੂਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਮੇਰੀ ਇਕ ਲੰਬੇ ਸਮੇਂ ਤੋਂ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਰਿਹਾ ਸੀ, ਕਿਉਂਕਿ ਮੈਂ ਡੇਰਾ ਸੱਚਾ ਸੌਦਾ ਵਿਖੇ ਹੋ ਰਹੇ ਕਾਲੇ ਧੰਦਿਆਂ ਨੂੰ ਉਜਾਗਰ ਕੀਤਾ ਹੈ। ਮੇਰੇ ਵਿਰੁੱਧ ਡੇਰਾ ਮੁਖੀ ਵਲੋਂ ਝੂਠੇ ਕੇਸ ਵੀ ਦਰਜ ਕਰਵਾਏ ਗਏ। ਹੁਣ ਉਹ ਜੇਲ 'ਚ ਰਹਿ ਕੇ ਵੀ ਮੇਰੀ ਹੱਤਿਆ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਗੰਭੀਰਤਾ ਨਾਲ ਜਾਂਚ ਕਰ ਕੇ ਗੁਰਮੀਤ ਰਾਮ ਰਹੀਮ ਵਿਰੁੱਧ ਕਾਰਵਾਈ ਕਰਨ।