ਉੱਤਰਾਖੰਡ : ਕੇਦਾਰਨਾਥ-ਬਦਰੀਨਾਥ ''ਚ ਹਲਕੀ ਬਰਫਬਾਰੀ, ਤਾਪਮਾਨ ''ਚ ਆਈ ਗਿਰਾਵਟ

10/18/2018 11:09:21 AM

ਉੱਤਰਾਖੰਡ (ਏਜੰਸੀ)— ਉੱਤਰਾਖੰਡ ਦੇ ਕੁਝ ਹਿੱਸਿਆਂ ਵਿਚ ਹਲਕੀ ਬਰਫਬਾਰੀ ਹੋਈ ਹੈ, ਜਿਸ ਕਾਰਨ ਇੱਥੇ ਸਥਿਤ ਬਦਰੀਨਾਥ ਅਤੇ ਕੇਦਾਰਨਾਥ ਧਾਮ ਦੀ ਯਾਤਰਾ 'ਤੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਠੰਡ ਦਾ ਅਹਿਸਾਸ ਹੋਇਆ। ਇੱਥੇ ਮੰਦਰ ਦੇ ਕਈ ਹਿੱਸਿਆਂ ਵਿਚ ਬਰਫ ਡਿੱਗਣ ਕਾਰਨ ਬੁੱਧਵਾਰ ਸ਼ਾਮ ਹੁੰਦੇ ਹੀ ਠੰਡ ਵਧ ਗਈ। ਇਸ ਕਾਰਨ ਰਾਜਧਾਨੀ ਦਿੱਲੀ ਵਿਚ ਵੀ ਵੀਰਵਾਰ ਦੀ ਸਵੇਰ ਨੂੰ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਇਆ।

 

 

ਉਂਝ ਤਾਂ ਬਦਰੀਨਾਥ ਅਤੇ ਕੇਦਾਰਨਾਥ ਧਾਮ ਵਿਚ ਬੁੱਧਵਾਰ ਦੀ ਸਵੇਰ ਨੂੰ ਧੁੱਪ ਨਿਕਲੀ ਸੀ ਪਰ ਦੁਪਹਿਰ ਹੁੰਦੇ ਹੀ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਅਤੇ ਇੱਥੋਂ ਦੀਆਂ ਪਹਾੜੀਆਂ 'ਤੇ ਬਰਫਬਾਰੀ ਸ਼ੁਰੂ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 10 ਦਿਨਾਂ ਤੋਂ ਸਵੇਰ ਅਤੇ ਸ਼ਾਮ ਦੇ ਤਾਪਮਾਨ ਵਿਚ ਗਿਰਾਵਟ ਆ ਗਈ ਹੈ। ਇਸ ਦੌਰਾਨ ਕੁਝ ਤੀਰਥ ਯਾਤਰੀ ਬਰਫਬਾਰੀ ਦਾ ਆਨੰਦ ਵੀ ਲੈ ਰਹੇ ਹਨ। 

 

ਉੱਥੇ ਹੀ ਦਿੱਲੀ ਵਿਚ ਦਿਨ ਦੇ ਸਮੇਂ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹਿਣ ਦੇ ਨਾਲ ਹੀ ਆਸਮਾਨ 'ਚ ਬੱਦਲ ਛਾਏ ਰਹਿਣ ਦਾ ਅਨੁਮਾਨ ਲਾਇਆ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਹੀ ਖਰਾਬ ਸਥਿਤੀ ਵਿਚ ਪਹੁੰਚ ਗਈ ਹੈ ਅਤੇ ਕਈ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ।